ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਓ.ਐਸ.ਡੀ. ਸੇਵਾ ਮੁਕਤ ਆਈ.ਏ.ਐਸ. ਅਮਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਸੂਤਰਾਂ ਮੁਤਾਬਕ ਅਮਰ ਸਿੰਘ ਦੀ ਥਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੰਮ ਸੰਭਾਲਣਗੇ। ਨਵਜੋਤ ਪਿਛਲੀ ਸਰਕਾਰ ਚ ਮੁੱਖ ਸੰਸਦੀ ਸਕੱਤਰ ਰਹਿ ਚੁੱਕੀ ਹੈ ਤੇ ਉਨ੍ਹਾਂ ਕੋਲ ਚੰਗਾ ਅਨੁਭਵ ਹੈ।


ਸੂਤਰਾਂ ਮੁਤਾਬਕ ਸਿੱਧੂ ਅਮਰ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਸਨ। ਇਸੇ ਲਈ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਅਮਰ ਸਿੰਘ ਨੇ ਦਫ਼ਤਰ ਆਉਣਾ ਬੰਦ ਕਰ ਦਿੱਤਾ ਹੈ। ਸਿੱਧੂ ਜਦੋ ਤੋਂ ਮੰਤਰੀ ਬਣੇ ਸਨ ਵਿਭਾਗ ਦਾ ਕੰਮ ਅਮਰ ਸਿੰਘ ਤੋਂ ਸਲਾਹ ਲੈ ਕੇ ਕਰ ਰਹੇ ਸਨ।

ਸੂਤਰਾਂ ਦੱਸਦੇ ਹਨ ਸਿੱਧੂ ਅਮਰ ਸਿੰਘ ਦੇ ਕੰਮ ਕਾਜ ਤੋਂ ਖੁਸ਼ ਨਹੀਂ ਸਨ ਤੇ ਅਮਰ ਸਿੰਘ ਵਿਭਾਗ ਵਿੱਚ ਭਾਰੂ ਪੈ ਰਹੇ ਸਨ ਤੇ ਸਿੱਧੂ ਦੇ ਸਲਾਹਕਾਰ ਹੋਣ ਦੇ ਨਾਤੇ ਅਮਰ ਸਿੰਘ ਕੋਈ ਚੰਗੀ ਸਲਾਹ ਨਹੀਂ ਦੇ ਸਕੇ ਸਗੋਂ ਕਈ ਮਾਮਲਿਆਂ ਚ ਸਿੱਧੂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।

ਸੂਤਰਾਂ ਮੁਤਾਬਕ ਵਿਭਾਗ ਵਿਚ ਉਸਦਾ ਦਖ਼ਲ ਕਾਫੀ ਵੱਧ ਗਿਆ ਸੀ। ਸਿੱਧੂ ਦੀ ਪਤਨੀ ਹੁਣ ਵਿਭਾਗ ਦਾ ਕੰਮ ਦੇਖਣਗੇ। ਸੂਤਰਾਂ ਦਾ ਕਹਿਣਾ ਹੈ ਦੋਵੇਂ ਮਿਲ ਕਿ ਵਿਭਾਗ ਨੂੰ ਚਲਾਉਣ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਕੌਰ ਸਿੱਧੂ ਕੱਲ੍ਹ ਤੋਂ ਦਫ਼ਤਰ ਆਉਣਗੇ। ਇਸ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।