ਪਟਿਆਲਾ: ਸਿੱਖ ਵਿਦਵਾਨ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਰਤਨ ਸਿੰਘ ਜੱਗੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਹਿੰਦੀ ਭਾਸ਼ਾ 'ਚ ਅਨੁਵਾਦ ਕੀਤਾ ਹੈ। ਇਹ ਅਨੁਵਦ ਪੰਜ ਭਾਗਾਂ 'ਚ ਹੋਇਆ ਹੈ। ਇਹ ਸਾਰੇ ਭਾਗ ਫਿਲਹਾਲ ਛਪਣ ਲਈ ਪ੍ਰੈਸ 'ਚ ਹਨ।

ਪ੍ਰੋਫੈਸਰ ਜੱਗੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜ਼ਿੰਦਗੀ ਦੇ 55 ਵਰ੍ਹੇ ਇਸ ਕੰਮ 'ਚ ਲਾਏ ਹਨ। ਉਨ੍ਹਾਂ ਨੂੰ ਇਸ ਲਈ ਬੇਹੱਦ ਸਕੂਨ ਮਿਲਿਆ ਹੈ। ਉਨ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਪੰਜਾਬੀ 'ਚ ਵਿਆਖਿਆ ਤੇ ਅਨੁਵਾਦ ਕੀਤਾ ਸੀ। ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਅਨੁਵਾਦ ਸਾਬਕਾ ਪ੍ਰੋ. ਜੋਗਾ ਸਿੰਘ ਤੇ ਮਨਮੋਹਨ ਸਿੰਘ ਸਹਿਗਲ ਨੇ ਕੀਤਾ ਹੈ। ਪ੍ਰੋਫੈਸਰ ਜੱਗੀ ਨੇ ਕਿਹਾ ਕਿ ਉਨ੍ਹਾਂ ਹਿੰਦੀ ਦੇ ਅਨੁਵਾਦ ਤੇ ਵਿਆਖਿਆਵਾਂ ਪੜ੍ਹੀਆਂ ਸਨ ਪਰ ਉਹ ਸੰਤੁਸ਼ਟ ਨਹੀਂ ਸੀ। ਇਸੇ ਲਈ ਉਨ੍ਹਾਂ ਮੁੜ ਤਰਜ਼ਮਾ ਕੀਤਾ ਹੈ।

ਦੱਸਣਯੋਗ ਹੈ ਕਿ ਪ੍ਰੋ. ਜੱਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਈਫ ਟਾਈਮ ਫੈਲੋ ਹਨ। ਉਨ੍ਹਾਂ 1963 'ਚ ਦਸਮ ਗ੍ਰੰਥ 'ਤੇ ਪੀਐਚਡੀ ਕੀਤੀ ਸੀ। ਇਸ ਨੂੰ ਲੈ ਕੇ ਉਦੋਂ ਵਿਵਾਦ ਵੀ ਹੋਇਆ ਸੀ ਕਿਉਂਕਿ 1999 'ਚ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਜੱਗੀ ਨੇ ਦਸਮ ਗ੍ਰੰਥ ਵੀ ਵਿਆਖਿਆ ਆਪਣੇ ਨਾਂ 'ਤੇ ਜਾਰੀ ਕੀਤੀ ਸੀ।