ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਚੰਡੀਗੜ੍ਹ ਜ਼ਿਲਾ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਇਮਾਨ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਇੰਨੀ ਜ਼ਮੀਨ ਹੈ ਤਾਂ ਮੁੱਖ ਮੰਤਰੀ ਅਤੇ ਪੰਚਾਇਤ ਮੰਤਰੀ ਸਾਬਤ ਕਰਕੇ ਦਿਖਾਉਣ। ਇਸ ਮਾਮਲੇ ਦੀ ਸੁਣਵਾਈ 5 ਨਵੰਬਰ ਨੂੰ ਅਦਾਲਤ 'ਚ ਹੋਵੇਗੀ।
ਇਮਾਨ ਸਿੰਘ ਦੇ ਵਕੀਲ ਭਗੌਤੀ ਸਿੰਘ ਨੇ ਕਿਹਾ ਕਿ ਇਮਾਨ ਸਿੰਘ ਮਾਨ ’ਤੇ ਪੰਜਾਬ ਸਰਕਾਰ ਨੇ 125 ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕਰਨ ਦਾ ਆਰੋਪ ਲਗਾਇਆ ਸੀ ,ਜੋ ਕਿ ਸਰਾਸਰ ਝੂਠ ਹੈ। ਇਮਾਨ ਸਿੰਘ ਦੇ ਨਾਮ 'ਤੇ 5 ਵਿੱਘੇ ਅਤੇ 14 ਬਿਸਵੇ ਜ਼ਮੀਨ ਹੈ, ਜੋ ਦਾਦਾ ਜੀ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਹੈ। ਇਮਾਨ ਦੇ ਐਡਵੋਕੇਟ ਨੇ ਕਿਹਾ ਕਿ ਪੰਚਾਇਤ ਮੰਤਰੀ ਵੱਲੋਂ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ।
ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125 ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਮੰਤਰੀ ਨੇ ਛੁਡਵਾਉਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਇਮਾਨ ਸਿੰਘ ਮਾਨ ਨੇ ਕਿਹਾ ਸੀ ਕਿ ਜੇਕਰ ਪੰਚਾਇਤ ਮੰਤਰੀ ਕੋਲ ਮੇਰੇ ਨਾਂ ’ਤੇ 125 ਏਕੜ ਜ਼ਮੀਨ ਹੋਣ ਅਤੇ ਇਸ ਨੂੰ ਛੁਡਵਾਉਣ ਸਬੰਧੀ ਕੋਈ ਦਸਤਾਵੇਜ਼ ਹੈ ਤਾਂ ਉਸ ਦਾ ਦਿਖਾਉਣ , ਨਹੀਂ ਤਾਂ ਪੰਜਾਬ ਸਰਕਾਰ ਖ਼ਿਲਾਫ਼ ਅਦਾਲਤ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਦੱਸ ਦੇਈਏ ਕਿ ਮੋਹਾਲੀ ਦੇ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਛੋਟੀ ਮਾੜੀ ਨੰਗਲ ਵਿੱਚ ਪੰਚਾਇਤ ਵਿਭਾਗ ਵੱਲੋਂ 2828 ਏਕੜ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖੁਦ ਨਜਾਇਜ਼ ਕਬਜ਼ੇ ਛੁਡਵਾਉਣ ਲਈ ਮੋਹਾਲੀ ਪਹੁੰਚੇ ਸਨ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਇਨ੍ਹਾਂ ਅਣਅਧਿਕਾਰਤ ਕਾਬਜ਼ਕਾਰਾਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨਜੀਤ ਸਿੰਘ ਮਾਨ ਨੇ 125 ਏਕੜ ਉੱਤੇ ਕਬਜ਼ਾ ਕੀਤਾ ਹੋਇਆ ਸੀ।