ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਲਿਆਣੀ ਸਿੰਘ ਦੀ ਰੈਗੂਲਰ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ ਹੈ। ਸੀਬੀਆਈ ਨੇ ਅਦਾਲਤ ਵਿੱਚ ਦਾਇਰ ਆਪਣੇ ਜਵਾਬ ਵਿੱਚ ਕਲਿਆਣੀ ਸਿੰਘ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਹੈ। ਸੀਬੀਆਈ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਅਜਿਹੀ ਸਥਿਤੀ ਵਿੱਚ ਕਲਿਆਣੀ ਸਿੰਘ ਬਾਹਰ ਆ ਕੇ ਸਬੂਤਾਂ ਨਾਲ ਛੇੜਛਾੜ ਕਰ ਸਕਦੀ ਹੈ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਵੀਰਵਾਰ ਨੂੰ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ। ਇਸ ਕੇਸ ਦੇ ਸ਼ਿਕਾਇਤਕਰਤਾ ਪੱਖ ਸਿੱਪੀ ਸਿੱਧੂ ਪਰਿਵਾਰ ਵੱਲੋਂ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਆਰ.ਐਸ.ਬੈਂਸ ਪੱਖ ਪੇਸ਼ ਕਰ ਰਹੇ ਹਨ। ਉਸ ਨੇ ਆਪਣਾ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ,ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 23 ਅਗਸਤ ਤੱਕ ਮੁਲਤਵੀ ਕਰ ਦਿੱਤੀ।
ਕਲਿਆਣੀ ਸਿੰਘ 21 ਜੂਨ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਸੀਬੀਆਈ ਨੇ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਕਲਿਆਣੀ ਸਿੰਘ 'ਤੇ ਇਕ ਹੋਰ ਹਮਲਾਵਰ ਨਾਲ ਮਿਲ ਕੇ ਮੋਹਾਲੀ ਦੇ ਫੇਜ਼ 3ਬੀ 2 ਦੇ ਵਸਨੀਕ ਸਿੱਪੀ ਸਿੱਧੂ ਦੀ ਹੱਤਿਆ ਕਰਨ ਦਾ ਦੋਸ਼ ਹੈ। ਉਸ ਦਾ ਇੱਕ ਹੋਰ ਸਾਥੀ ਫਰਾਰ ਹੈ। ਸਿੱਪੀ ਦੀ ਲਾਸ਼ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਦੇ ਇੱਕ ਪਾਰਕ ਵਿੱਚੋਂ ਮਿਲੀ ਸੀ। ਉਸ ਦੇ ਸਰੀਰ 'ਤੇ 4 ਗੋਲੀਆਂ ਦੇ ਨਿਸ਼ਾਨ ਸਨ।
ਜੁਲਾਈ ਵਿੱਚ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕਲਿਆਣੀ ਸਿੰਘ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਸੀਬੀਆਈ ਮੁਤਾਬਕ ਸਿੱਪੀ ਵੱਲੋਂ ਕਲਿਆਣੀ ਸਿੰਘ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਦੋਹਾਂ ਦੇ ਪਰਿਵਾਰਾਂ 'ਚ ਵੀ ਅਣਬਣ ਸੀ। ਕਲਿਆਣੀ ਸਿੰਘ ਨੇ ਸਿੱਪੀ ਤੋਂ ਬਦਲਾ ਲੈਣ ਲਈ ਉਸਦੀ ਹੱਤਿਆ ਕੀਤੀ ਸੀ।