ਚੰਡੀਗੜ੍ਹ : ਸਮੋਗ 'ਚ ਬੇ-ਲਗਾਮ ਦੌੜ ਰਹੀਆਂ ਗੱਡੀਆਂ ਮੌਤ ਦਾ ਤਾਂਡਵ ਕਰ ਰਹੀਆਂ ਹਨ। ਸਮੋਗ ਤੇ ਓਵਰ ਸਪੀਡ ਗੱਡੀਆਂ ਕਾਰਨ 72 ਘੰਟੇ 'ਚ 40 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਸ ਤਾਂਡਵ 'ਚ ਬਗ਼ੈਰ ਸਪੀਡ ਗਵਰਨਸ ਦੇ ਦੌੜ ਰਹੀਆਂ ਕਾਰੋਬਾਰੀ ਗੱਡੀਆਂ ਅੱਗ 'ਚ ਘਿਓ ਪਾਉਣ ਦਾ ਕੰਮ ਕਰ ਰਹੀਆਂ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਪੰਜਾਬ 'ਚ ਵੱਡੀ ਗਿਣਤੀ 'ਚ ਕਾਰੋਬਾਰੀ ਗੱਡੀਆਂ ਬਗ਼ੈਰ ਸਪੀਡ ਗਵਰਨਸ ਦੇ ਸੜਕਾਂ 'ਤੇ ਦੌੜ ਰਹੀਆਂ ਹਨ।
ਬਠਿੰਡਾ 'ਚ ਬੁੱਧਵਾਰ ਨੂੰ ਟਰਾਲੇ ਨੇ 13 ਲੋਕਾਂ ਨੂੰ ਦਰੜਿਆ ਸੀ। ਇਹ ਟਰਾਲਾ 70 ਤੋਂ 80 ਦੀ ਰਫ਼ਤਾਰ 'ਚ ਆ ਰਿਹਾ ਸੀ। ਇਸ 'ਚ ਵੀ ਸਪੀਡ ਗਵਰਨਸ ਨਹੀਂ ਲੱਗਾ ਸੀ ਜੇ ਲੱਗਾ ਹੁੰਦਾ ਤਾਂ ਟਰਾਲੇ ਦੀ ਰਫ਼ਤਾਰ 60 ਤੋਂ ਉੱਪਰ ਨਹੀਂ ਜਾ ਸਕਦੀ ਸੀ। ਜ਼ਿਆਦਾ ਸਪੀਡ ਕਾਰਨ ਹੀ ਟਰਾਲੇ ਨੇ 13 ਲੋਕਾਂ ਨੂੰ ਕੁਚਲਿਆ। ਮਨਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇ ਦੀ ਰਿਪੋਰਟ ਦੱਸਦੀ ਹੈ ਕਿ ਹਾਦਸੇ ਦਾ ਮੁੱਖ ਕਾਰਨ ਓਵਰ ਸਪੀਡ ਹੈ ਅਤੇ ਸਮੋਗ 'ਚ ਓਵਰ ਸਪੀਡ ਗੱਡੀਆਂ ਹੋਰ ਵੱਡੀ ਸਮੱਸਿਆ ਬਣ ਜਾਂਦੀਆਂ ਹਨ।
ਪਿਛਲੇ 72 ਘੰਟਿਆਂ 'ਚ ਇਕ ਦਰਜਨ ਦੇ ਕਰੀਬ ਹੋਏ ਸੜਕ ਹਾਦਸਿਆਂ 'ਚ ਓਵਰ ਸਪੀਡ ਵੱਡਾ ਕਾਰਨ ਬਣੀ ਹੈ। ਮੰਤਰਾਲੇ ਦੀ ਰਿਪੋਰਟ ਮੁਤਾਬਕ ਸੂਬੇ 'ਚ 2016 ਦੌਰਾਨ ਸੜਕ ਹਾਦਸਿਆਂ 'ਚ 5,100 ਮੌਤਾਂ ਹੋਈਆਂ, ਜਦਕਿ 11,000 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਕਾਰੋਬਾਰੀ ਗੱਡੀਆਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਸਪੀਡ ਗਵਰਨਸ ਲਗਾਉਣ ਆਦੇਸ਼ ਦਿੱਤੇ ਸਨ। ਸਰਕਾਰੀ ਗੱਡੀਆਂ 'ਚ ਤਾਂ ਇਹ ਲੱਗੇ ਹੀ ਹੋਏ ਹਨ ਪਰ ਨਿੱਜੀ ਗੱਡੀਆਂ 'ਚ ਨਹੀਂ ਲੱਗੇ। ਸੂਬੇ 'ਚ ਇਹ ਮੁੱਦਾ ਲਗਾਤਾਰ ਗੰਭੀਰ ਹੁੰਦਾ ਹੈ ਪਰ ਟਰਾਂਸਪੋਰਟ ਵਿਭਾਗ ਗੰਭੀਰ ਨਹੀਂ।
ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਕਮਲ ਸੋਈ ਦਾ ਕਹਿਣਾ ਜੇ ਕਾਰੋਬਾਰੀ ਗੱਡੀਆਂ 'ਚ ਸਪੀਡ ਗਵਰਨਸ ਲੱਗਾ ਹੋਵੇ ਤਾਂ ਰਫ਼ਤਾਰ ਕਾਬੂ 'ਚ ਰਹੇਗੀ। ਬਿਠੰਡੇ 'ਚ ਜੋ ਹਾਦਸਾ ਹੋਇਆ ਉਸ 'ਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਸ ਰਫ਼ਤਾਰ 'ਚ ਟਰਾਲਾ ਸੀ ਉਸ ਨੂੰ ਰੁਕਣ ਲਈ 100 ਮੀਟਰ ਦੀ ਸਪੇਸ ਚਾਹੀਦੀ ਸੀ। ਸਪੀਡ ਗਵਰਨਸ ਲੱਗਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।