Barnala News : ਬਰਨਾਲਾ ਦੇ ਪਿੰਡ ਝਲੂਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਦੋ ਨਸ਼ੇੜੀ ਪੁੱਤਰਾਂ ਨੇ ਹੀ ਆਪਣੇ ਪਿਓ ਨੂੰ ਗੰਡਾਸੇ ਅਤੇ ਕੁਹਾੜੀ ਨਾਲ ਲਹੂ-ਲੁਹਾਨ ਕਰਕੇ ਕਤਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਰਾਮ ਸਿੰਘ ਆਪਣੇ ਦੋਵੇਂ ਪੁੱਤਰਾਂ ਨੂੰ ਨਸ਼ੇ ਤੋਂ ਰੋਕ ਦਾ ਸੀ। ਦੋਵੇਂ ਮੁਲਜ਼ਮ ਆਪਣੇ ਪਿਤਾ ਨੂੰ ਗਾਲ੍ਹਾਂ ਕੱਢ ਦੇ ਸਨ। ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ।


 

ਇਸ ਕਤਲ ਦੀ ਇਕ ਵੀਡੀਉ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੋਵੇਂ ਨਸ਼ੇੜੀ ਨੌਜਵਾਨ ਪੁੱਤਰ ਆਪਣੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਦੇ ਨਜ਼ਰ ਆ ਰਹੇ ਹਨ। ਪਿਉ ਦੀ ਗ਼ਲਤੀ ਸਿਰਫ਼ ਇਨ੍ਹੀਂ ਸੀ ਕਿ ਉਸ ਨੇ ਆਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ। ਜਿਸ ਤੋਂ ਨਰਾਜ਼ ਦੋਵੇਂ ਪੁੱਤਰਾਂ ਨੇ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। 

ਪੁਲਿਸ ਨੇ ਦੱਸਿਆ ਕਿ ਪਿੰਡ ਝਲੂਰ ਵਿੱਚ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਬੀਤੀ ਰਾਤ ਸਿਵਲ ਹਸਪਤਾਲ ਤੋਂ ਮਿਲੀ। ਝਗੜਾ ਪਿਉ ਅਤੇ 2 ਪੁੱਤਰਾਂ ਦੇ ਵਿਚਾਲੇ ਹੋਇਆ ਸੀ। ਇਸ ਲੜਾਈ ਵਿੱਚ ਤਿੰਨੋ ਜ਼ਖ਼ਮੀ ਹੋਏ। ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ 65 ਸਾਲ ਦੇ ਪਿਤਾ ਰਾਮ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ,ਦੋਵੇਂ ਪੁੱਤਰਾਂ ਨੇ ਹੀ ਪਿਤਾ ਦਾ ਕਤਲ ਕੀਤਾ।

 

ਦੱਸ ਦੇਈਏ ਕਿ ਪਿਤਾ ਰਾਮ ਸਿੰਘ ਦੇ ਕਤਲ ਮਾਮਲੇ ਵਿੱਚ ਉਸਦੇ ਪੁੱਤਰਾਂ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਗੁਰਪ੍ਰੀਤ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਅਮਰ ਸਿੰਘ ਹਸਪਤਾਲ ਵਿੱਚ ਦਾਖਲ ਹੈ। ਐਸਐਚਓ ਥਾਣਾ ਸਦਰ ਕਰਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਰਾਮ ਸਿੰਘ ਦੀ ਪੁੱਤਰੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।