Punjab News: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੇ ਦਰਾਂ ਨੇੜੇ ਜਾ ਕੇ ਕਰਨ ਲਈ ਵਿੱਢੀ ਗਈ ਮੁਹਿੰਮ “ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਜ਼ਿਲ੍ਹੇ ਭਰ ਚ ਵੱਖ-ਵੱਖ ਪਿੰਡਾਂ ਵਿੱਚ 6 ਫਰਵਰੀ ਤੋਂ ਸਪੈਸ਼ਲ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਪੈਸ਼ਲ ਕੈਂਪਾਂ ਦੇ ਅਗਾਊਂ ਪ੍ਰਬੰਧਾਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।


ਇਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕਰਨਾ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਗਾਏ ਜਾਣ ਵਾਲੇ ਇਨ੍ਹਾਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਨਾ ਯਕੀਨੀ ਬਣਾਉਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਸਕਣ ਅਤੇ ਕੋਈ ਵੀ ਯੋਗ ਲਾਭਪਾਤਰੀ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਨਾ ਰਹਿ ਸਕੇ।


ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਵਾਲੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੈਂਪ ਚ ਆਉਣ ਸਮੇਂ ਆਪਣੇ ਨਾਲ 2 ਪਾਸਪੋਰਟ ਸਾਈਜ਼ ਫੋਟੋਆਂ ਤੋਂ ਇਲਾਵਾ ਆਧਾਰ ਕਾਰਡ/ਪੈਨ ਕਾਰਡ/ਰਾਸ਼ਨ ਕਾਰਡ/ਵੋਟ ਕਾਰਡ/ਜਨਮ ਸਰਟੀਫ਼ਿਕੇਟ/ਡਰਾਈਵਿੰਗ ਲਾਇਸੰਸ ਆਦਿ ਦੀ ਕੋਈ ਇੱਕ ਫੋਟੋ ਕਾਪੀ ਬਤੌਰ ਸ਼ਨਾਖਤ ਲਈ ਜ਼ਰੂਰ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।  


ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 44 ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ ’ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।


ਸਬ ਡਵੀਜ਼ਨ ਬਠਿੰਡਾ ਵਿਖੇ ਲੱਗਣ ਵਾਲੇ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਸਥਾਨਕ ਮੰਦਿਰ ਕਲੋਨੀ ਵਾਰਡ ਨੰਬਰ 1-2 (ਨੇੜੇ ਐਨਐਫਐਲ), ਪਿੰਡ ਮੁਲਤਾਨੀਆਂ ਦੇ ਪੰਚਾਇਤ ਘਰ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਲਗਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡ ਮੀਆਂ ਦੇ ਪੰਚਾਇਤ ਘਰ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ, ਪਿੰਡ ਭੁੱਚੋ ਖੁਰਦ ਦੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ, ਇਸੇ ਤਰ੍ਹਾਂ ਪਿੰਡ ਬੁਰਜ ਕਾਹਨ ਸਿੰਘ ਵਾਲਾ ਚ ਗੁਰੂਦੁਆਰਾ ਸਾਹਿਬ ਵਿਖੇ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਕੈਂਪ ਲਗਾਇਆ ਜਾਵੇਗਾ।


ਇਸੇ ਤਰ੍ਹਾਂ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਭਾਗੀਵਾਂਦਰ ਦੇ ਪੰਚਾਇਤ ਘਰ ਅਤੇ ਪਿੰਡ ਰਾਮਸਰਾਂ ਦੇ ਰਾਮਦਾਸੀਆਂ ਧਰਮਸ਼ਾਲਾ ਵਿਖੇ ਕੈਂਪ ਸਵੇਰੇ 10 ਵਜੇ ਕੈਂਪ ਸ਼ੁਰੂ ਹੋਣਗੇ। ਜਦਕਿ ਪਿੰਡ ਜੱਜਲ ਦੀ ਧਰਮਸ਼ਾਲਾ ਵਿਖੇ ਅਤੇ ਪਿੰਡ ਗਿਆਨਾ ਦੀ ਧਰਮਸ਼ਾਲਾ ਚ ਬਾਅਦ ਦੁਪਿਹਰ 2 ਵਜੇ ਕੈਂਪ ਸ਼ੁਰੂ ਹੋਣਗੇ। 


ਇਸੇ ਤਰ੍ਹਾਂ ਸਬ-ਡਵੀਜ਼ਨ ਰਾਮਪੁਰਾ ਫੂਲ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਰਾਮੂਵਾਲ ਦੇ ਪੰਚਾਇਤ ਘਰ ਵਿਖੇ ਅਤੇ ਪਿੰਡ ਭਾਈਰੂਪਾ ਦੇ ਬਾਬਾ ਭਾਈ ਰੂਪ ਚੰਦ ਦਿਵਾਨ ਹਾਲ ਵਿਖੇ ਸਵੇਰੇ 10 ਵਜੇ ਕੈਂਪ ਸ਼ੁਰੂ ਹੋਣਗੇ। ਜਦਕਿ ਪਿੰਡ ਸੇਲਬਰਾਹ ਦੀ ਲਾਇਬ੍ਰੇਰੀ ਵਿਖੇ ਤੇ ਪਿੰਡ ਹਾਕਮ ਸਿੰਘ ਵਾਲਾ ਦੀ ਪੰਚਾਇਤੀ ਧਰਮਸ਼ਾਲਾ ਵਿਖੇ ਕੈਂਪ ਬਾਅਦ ਦੁਪਿਹਰ 2 ਵਜੇ ਸ਼ੁਰੂ ਹੋਣਗੇ। 


ਇਸੇ ਤਰ੍ਹਾਂ ਸਬ-ਡਵੀਜ਼ਨ ਮੌੜ ਦੇ ਪਿੰਡਾਂ ਚ 6 ਫਰਵਰੀ ਨੂੰ ਪਿੰਡ ਸੰਦੌਹਾ ਚ ਗੁਰੂਦੁਆਰਾ ਦੇ ਸਾਹਮਣੇ ਕੈਂਪ ਸਵੇਰੇ 9 ਵਜੇ ਅਤੇ ਪਿੰਡ ਰਾਜਗੜ੍ਹ ਕੁੱਬੇ ਵਿਖੇ ਗੁਰੂਦੁਆਰਾ ਦੇ ਸਾਹਮਣੇ ਕੈਂਪ ਦੁਪਿਹਰ 2 ਵਜੇ ਸ਼ੁਰੂ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਵਜੀਤ ਕਲਸੀ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਮੈਡਮ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਕੰਵਰਜੀਤ ਸਿੰਘ ਮਾਨ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ  ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਮੌੜ  ਨਰਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।