ਪਟਿਆਲਾ: ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਰੀਬਨ 4 ਮਹੀਨੇ ਤੋਂ ਵਿਜੀਲੈਂਸ ਨਾਲ ਲੁੱਕਣ ਮਿੱਟੀ ਖੇਡ ਰਹੇ ਪੰਜਾਬ ਪੁਲਿਸ ਦੇ ਸਾਬਕਾ ਸੀਨੀਅਰ ਪੁਲਿਸ ਕਪਤਾਨ ਸੁਰਜੀਤ ਸਿੰਘ ਗਰੇਵਾਲ ਨੇ ਕੋਈ ਵਾਹ ਨਾ ਚੱਲਦੀ ਵੇਖ ਅੱਜ ਵਿਜੀਲੈਂਸ ਬਿਊਰੋ ਪਟਿਆਲਾ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ। ਪੰਜਾਬ ਵਿੱਚ ਅੱਤਵਾਦ ਦੇ ਦੌਰ ਸਮੇਂ ਪੁਲਿਸ ਮੁਕਾਬਲਿਆਂ ਨਾਲ ਮਸ਼ਹੂਰ ਹੋਏ ਸੁਰਜੀਤ ਸਿੰਘ ਗਰੇਵਾਲ 'ਤੇ ਆਪਣੀ ਨੌਕਰੀ ਦੌਰਾਨ ਬੇਹਿਸਾਬ ਜ਼ਮੀਨ-ਜਾਇਦਾਦ ਬਣਾਉਣ ਦਾ ਇਲਜ਼ਾਮ ਹੈ।

ਗਰੇਵਾਲ ਕਾਫੀ ਸਮੇਂ ਤੋਂ ਪੁਲਿਸ ਨੂੰ ਝਕਾਨੀ ਦੇ ਕੇ ਜ਼ਮਾਨਤ ਲੈਣ ਲਈ ਅਦਾਲਤਾਂ ਦੇ ਚੱਕਰ ਕੱਢ ਰਿਹਾ ਸੀ ਪਰ ਫਾਇਦਾ ਨਾ ਹੁੰਦਾ ਵੇਖ ਸਾਬਕਾ ਐਸ.ਐਸ.ਪੀ. ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋ ਗਿਆ। ਵਿਜੀਲੈਂਸ ਨੇ ਸੁਰਜੀਤ ਸਿੰਘ ਗਰੇਵਾਲ ਨੂੰ 20 ਦਸੰਬਰ 2017 ਨੂੰ ਆਮਦਨ ਤੋਂ ਵਧੇਰੇ ਜਾਇਦਾਦ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।

ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਗਰੇਵਾਲ ਮੋਗਾ ਤੇ ਫਾਜ਼ਿਲਕਾ ਵਿੱਚ ਤਾਇਨਾਤ ਰਹੇ। ਆਪਣੀ ਨੌਕਰੀ ਦੌਰਾਨ (1999 ਤੋਂ 2014 ਤੱਕ) ਗਰੇਵਾਲ ਦੀ ਕੁੱਲ ਆਮਦਨ 2 ਕਰੋੜ 10 ਲੱਖ ਦੇ ਕਰੀਬ ਬਣਦੀ ਸੀ, ਪਰ ਉਸ ਵੱਲੋਂ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਦੇ ਨਾਂ 'ਤੇ 12.50 ਕਰੋੜ ਦੀ ਜਾਇਦਾਦ ਕਿਲਾ ਰਾਏਪੁਰ, ਸਮਰਾਲਾ ਤੇ ਫ਼ਤਹਿਗੜ੍ਹ ਸਾਹਿਬ ਵਿੱਚ ਬਣਾਈ ਸੀ।