ਲੁਧਿਆਣਾ : ਸ਼ਹਿਰ ਵਿੱਚ ਗਰਮੀਆਂ ਆਉਂਦੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਲੱਗੇ ਹਨ। ਗਰਮੀ ਤੋਂ ਅੱਕ ਕੇ ਗੁੱਸੇ ਵਿੱਚ ਅਵਾਰਾ ਕੁੱਤੇ ਲੋਕਾਂ ਨੂੰ ਵੱਢ ਰਹੇ ਹਨ। ਲੁਧਿਆਣਾ ਸਿਵਲ ਹਸਪਤਾਲ ਵਿੱਚ ਰੋਜ਼ਾਨਾ 100 ਇੰਜੈਕਸ਼ਨ ਲੱਗ ਰਹੇ ਹਨ। ਉਧਰ, ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਵੈਟਰਨਰੀ ਡਾਕਟਰਾਂ ਨੇ ਪਾਲਤੂ ਜਾਨਵਰਾਂ ਨੂੰ ਗਰਮੀਆਂ ਚ ਠੰਢਾ ਰੱਖਣ ਦਾ ਤਰੀਕਾ ਦੱਸਿਆ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਵਧ ਰਹੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਉੱਥੇ ਹੀ ਜਾਨਵਰ ਵੀ ਇਸ ਗਰਮੀ ਤੋਂ ਤੰਗ ਆ ਚੁੱਕੇ ਹਨ। ਮਨੁੱਖ ਭਾਵੇਂ ਗਰਮੀ ਤੋਂ ਬਚਣ ਲਈ ਤਰਲ ਪਦਾਰਥਾਂ ਦੀ ਵਰਤੋਂ ਕਰ ਲੈਂਦਾ ਹੈ ਜਾਂ ਫਿਰ ਏਅਰ ਕੰਡੀਸ਼ਨਰ ਆਦਿ ਦੀ ਵਰਤੋਂ ਕਰਦਾ ਹੈ, ਉੱਥੇ ਹੀ ਜਾਨਵਰ ਖਾਸ ਕਰਕੇ ਸੜਕਾਂ ਤੇ ਘੁੰਮਣ ਵਾਲੇ ਅਵਾਰਾ ਜਾਨਵਰ ਗਰਮੀ ਵਿੱਚ ਪ੍ਰੇਸ਼ਾਨ ਹੋਣ ਕਰਕੇ ਹੁਣ ਇਨਸਾਨਾਂ 'ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ।

ਇਸ ਲਈ ਗਰਮੀਆਂ ਆਉਂਦੇ ਹੀ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲਿਆਂ ਵਿੱਚ ਵੀ ਇਜ਼ਾਫਾ ਹੋ ਜਾਂਦਾ ਹੈ। ਇਸ ਦੀ ਪੁਸ਼ਟੀ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਵੱਢਣ ਦੇ ਮਾਮਲੇ ਬੇਹੱਦ ਖ਼ਤਰਨਾਕ ਹੋ ਸਕਦੇ ਹਨ। ਇੱਥੋਂ ਤੱਕ ਕਿ ਜੇਕਰ ਇੱਕ ਵਾਰ ਰੈਬੀਜ ਦੀ ਬਿਮਾਰੀ ਲੱਗ ਜਾਵੇ ਤਾਂ ਇਸ ਦਾ ਕੋਈ ਵੀ ਇਲਾਜ ਨਹੀਂ। ਇਸ ਨਾਲ ਸਿੱਧਾ ਵਿਅਕਤੀ ਦੀ ਮੌਤ ਹੁੰਦੀ ਹੈ।

ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਨਦੀਪ ਨੇ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਦੇ ਮਾਮਲੇ ਵਿੱਚ ਤੁਰੰਤ ਹਸਪਤਾਲ ਆ ਕੇ ਉਸ ਦਾ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਲਾਜ ਮੁਫਤ ਕਰਵਾਇਆ ਜਾਂਦਾ ਹੈ।

ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦਾ ਮੰਨਣਾ ਹੈ ਕਿ ਕਰਮੀ ਆਮ ਇਨਸਾਨ ਚਿੜਚਿੜਾ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਪਾਲਤੂ ਜਾਨਵਰ ਜਾਂ ਆਵਾਰਾ ਕੁੱਤੇ ਵੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਗਰਮੀ ਲੱਗਦੀ ਹੈ ਤਾਂ ਉਹ ਠੰਢੀਆਂ ਥਾਂਵਾਂ ਭਾਲਦੇ ਨੇ ਜਿਵੇਂ ਕੋਈ ਕਾਰ ਹੇਠਾਂ ਬੈਠ ਜਾਂਦਾ ਹੈ ਜਾਂ ਫਿਰ ਦਰੱਖਤ ਹੇਠਾਂ ਬੈਠ ਜਾਂਦਾ ਹੈ ਪਰ ਜਦੋਂ ਉਨ੍ਹਾਂ ਨੂੰ ਹਟਾਇਆ ਜਾਂਦਾ ਹੈ ਤਾਂ ਕੱਟਦੇ ਹਨ।