Mukh Mantri Dhamak Base: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਧਮਕ ਬੇਸ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਬੰਧਤ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਵੀਡੀਓ ਵਿੱਚ ਧਰਮਪ੍ਰੀਤ ਸਿੰਘ ਉਰਫ ‘ਮੁੱਖ ਮੰਤਰੀ’ ਨੂੰ ਪੁਲਿਸ ਮੁਲਾਜ਼ਮ ਵਾਲਾਂ ਤੋਂ ਫੜ ਕੇ ਜ਼ਮੀਨ ’ਤੇ ਘੜੀਸਦੇ ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਹਨ।


ਦੱਸ ਦਈਏ ਕਿ 9 ਨਵੰਬਰ ਨੂੰ ਪਿੰਡ ਦੀਨੇਵਾਲ ਵਾਸੀ ਰਮਨਜੀਤ ਕੌਰ, ਨਿਸ਼ਾਨ ਸਿੰਘ ਤੇ ਜੋਬਨ ਵੱਲੋਂ ਧਰਮਪ੍ਰੀਤ ਸਿੰਘ ਖ਼ਿਲਾਫ਼ ਉਨ੍ਹਾਂ ਦੀ ਕੁੱਟਮਾਰ ਕਰਨ ਤੇ ਰਸਤਾ ਰੋਕਣ ਦੀ 112 ਨੰਬਰ ਦੀ ਹੈਲਪਲਾਈਨ ’ਤੇ ਵੱਖ-ਵੱਖ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ। ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਦੁੱਧ ਲੈਣ ਲਈ ਗਿਆ ਸੀ, ਜਿੱਥੇ ਉਸ ਨੂੰ ਕੁੱਤੇ ਪੈ ਗਏ, ਜਿਨ੍ਹਾਂ ਨੂੰ ਮਾਰਨ ਲਈ ਉਸ ਨੇ ਘਰੋਂ ਕਿਰਪਾਨ ਲਿਆ ਕੇ ਕੁੱਤਿਆਂ ਤੋਂ ਆਪਣਾ ਬਚਾਅ ਕੀਤਾ।



ਕੁੱਤਿਆਂ ਦੇ ਮਾਲਕਾਂ ਨੇ ਮੌਕੇ ’ਤੇ ਪੁਲਿਸ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਵਾਈ। ਪੁਲਿਸ ਉਸ ਨੂੰ ਗੋਇੰਦਵਾਲ ਸਾਹਿਬ ਥਾਣਾ ਲੈ ਗਈ, ਜਿੱਥੇ ਉਸ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਘਰ ਲਿਆਂਦਾ। ਪੈਟਰੋਲਿੰਗ ਵਾਹਨ ਦੇ ਇੰਚਾਰਜ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਦਰਖ਼ਾਸਤ ਦੇ ਆਧਾਰ ’ਤੇ ਮੌਕੇ ’ਤੇ ਪੁੱਜੀ ਤਾਂ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਵੱਲੋਂ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਸਮਾਜਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੱਕ ਲੈ ਕੇ ਜਾਣਗੇ।


ਉਧਰ, ਐਸਪੀ (ਇਨਵੈਸਟੀਗੇਸ਼ਨ) ਅਜੈਰਾਜ ਸਿੰਘ ਨੇ ਕਿਹਾ ਕਿ ਧਰਮਪ੍ਰੀਤ ਸਿੰਘ ਖ਼ਿਲਾਫ਼ ਪਿੰਡ ਦੇ ਲੋਕਾਂ ਨੇ 112 ਨੰਬਰ ’ਤੇ ਸ਼ਿਕਾਇਤ ਕਰਕੇ ਉਨ੍ਹਾਂ ਦੇ ਘਰਾਂ ’ਤੇ ਇੱਟਾਂ ਵੱਟੇ ਮਾਰਨ ਦਾ ਦੋਸ਼ ਲਗਾਇਆ ਸੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਇੱਕ ਪੁਲਿਸ ਵਾਲੇ ਦੀ ਪੱਗ ਉਤਾਰ ਦਿੱਤੀ ਜਿਸ ’ਤੇ ਪੁਲਿਸ ਵਾਲਿਆਂ ਉਸ ਦੀ ਕੁੱਟਮਾਰ ਕੀਤੀ। ਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਨੇ ‘ਮੁੱਖ ਮੰਤਰੀ’ ਦੀ ਕੁੱਟਮਾਰ ਕਰਨ ਵਾਲੇ ਏਐਸਆਈ ਪੱਧਰ ਦੇ ਦੋ ਮੁਲਾਜ਼ਮਾਂ ਗੁਰਭੇਜ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।