Stubble burning: ਪੰਜਾਬ ਵਿੱਚ ਹਾਲੇ 1 ਤਾਰੀਕ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਪਰ ਇਸ ਦੌਰਾਨ ਪਰਾਲੀ ਸਾੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਵੀ ਆਉਣ ਲੱਗ ਗਈਆਂ ਹਨ। ਇਹੀ ਕਾਰਨ ਹੈ ਕਿ ਪਰਾਲੀ ਸਾੜਣ ਦੇ ਮਾਮਲੇ ਵਿੱਚ ਸ਼ੁਰੂ ਵਿੱਚ ਹੀ ਪੰਜਾਬ ਦੂਜੇ ਸੂਬਿਆਂ ਤੋਂ ਮੋਹਰੀ ਚੱਲ ਰਿਹਾ ਹੈ। ਜੇ ਗੱਲ ਗੁਆਂਢੀ ਸੂਬੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਪੰਜਾਬ ਵਿੱਚ 275 ਮਾਮਲੇ ਪਰਾਲੀ ਸਾੜਣ ਦੇ ਸਾਹਮਣੇ ਆਏ ਹਨ।


ਜੇ ਪੰਜਾਬ ਵਿੱਚ ਝੋਨੇ ਦੀ ਵਾਢੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਵਾਢੀ ਅੰਮ੍ਰਿਤਸਰ ਤੇ ਤਰਨਤਾਰਨ ਦੇ ਇਲਾਕੇ ਵਿੱਚ ਸ਼ੁਰੂ ਹੁੰਦੀ ਹੈ। ਇਸੇ ਕਾਰਨ ਹੀ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਅੰਮ੍ਰਤਸਰ ਵਿੱਚ ਹੀ ਪਰਾਲੀ ਸਾੜੇ ਜਾਣ ਦੇ 230 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਜ਼ਿਕਰ ਤਰਨਤਾਰਨ ਤੇ ਬਾਅਦ ਵਿੱਚ ਦੂਜੇ ਸ਼ਹਿਰਾਂ ਦਾ ਆਉਂਦਾ ਹੈ।


ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਦੀ ਅਸਲ-ਸਮੇਂ ਦੀ ਨਿਗਰਾਨੀ ਅਨੁਸਾਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਖੇਤਾਂ ਵਿੱਚ 23 ਤੋਂ 29 ਸਤੰਬਰ ਤੱਕ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਪਰ ਖੇਤਾਂ ਦੇ ਸੁੱਕ ਜਾਣ ਤੋਂ ਬਾਅਦ 136 ਮਾਮਲੇ ਇਕੱਲੇ ਪੰਜਾਬ ਵਿੱਚੋਂ ਸਾਹਮਣੇ ਆਏ ਹਨ। ਕਿਉਂਕਿ ਇਸ ਤੋਂ ਪਹਿਲਾਂ ਸੂਬੇ ਵਿੱਚ ਪੈ ਰਹੇ ਮੀਂਹ ਕਾਰਨ ਪਰਾਲੀ ਸਾੜਣ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ।
ਆਪ ਸਰਕਾਰ ਦੇ ਦਾਅਵਿਆਂ ਦੀ ਸੱਚਾਈ


ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਾਲੀ ਸਾੜਣ ਤੋਂ ਰੋਕਣ ਲਈ ਵੱਡੇ-ਵੱਡੇ ਦਾਅਵਿਆਂ ਦੇ ਨਾਲ ਨਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ ਵੀ ਕੀਤੀ ਸੀ। ਹੈਪੀ ਸੀਡਰ ਮਸ਼ੀਨਾਂ ਨੇ ਸਬਸਿਡੀ ਦੇਣ ਦੀ ਤਾਰੀਕ ਵਿੱਚ ਵੀ ਵਾਧਾ ਕੀਤਾ ਸੀ ਇਸ ਤੋਂ ਇਲਾਵਾ 5 ਹਜ਼ਾਰ ਏਕੜ ਵਿੱਚ ਡੀ ਕੰਪੋਜ਼ਰ ਨਾਲ ਛਿੜਕਾਅ ਕਰਨ ਦੀ ਗੱਲ ਵੀ ਕਹੀ ਸੀ, ਪਰ ਜਿਵੇਂ ਹੀ ਵਾਢੀ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਕਿਸਾਨਾਂ ਵਲੋਂ ਪਰਾਲੀ ਸਾੜਣ ਦੇ ਕੇਸ ਸਾਹਮਣੇ ਆਉਣ ਲੱਗੇ ਹਨ। ਜਿਸ ਨੇ  ਕਿਤੇ ਨਾ ਕਿਤੇ ਇਸ ਗੱਲ ਦੀ ਗਵਾਹੀ ਭਰ ਦਿੱਤੀ ਹੈ ਕਿ ਸਰਕਾਰ ਕਿਸਾਨਾਂ ਨੂੰ ਸਮਝਾਉਣ ਲਈ ਅਸਫ਼ਲ ਸਾਬਤ ਹੋਈ ਹੈ।


ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਧਾਰੀਵਾਲ ਥਾਣੇ 'ਚੋਂ ਸੰਤਰੀ ਦੀ ਰਾਈਫਲ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ