ਚੰਡੀਗੜ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ ਆਈ.ਐੱਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਸ ਨੇ ਅੱਜ ਮੁੱਖ ਦੋਸ਼ੀ ਅਤੇ ਅੱਠਵੇਂ ਦੋਸ਼ੀ ਵਜੋਂ ਯੁਵਰਾਜ ਸਭਰਵਾਲ ਉਰਫ ਯਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾਂ ‘ਤੇ ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ਦੀ ਕਾਰ ਦੇ ਹੇਠਾਂ ਇਕ ਇੰਪਰੂਵਾਈਜਡ ਐਕਸਪਲੋਸਿਵ ਡਿਵਾਇਸ (ਆਈਈਡੀ) ਲਗਾਇਆ ਸੀ।


ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਅਗਵਾਈ ਵਾਲੀ ਕਾਰਵਾਈ ਦੌਰਾਨ ਨਵੀ ਅਬਾਦੀ ਫੈਜਪੁਰਾ ਦੇ ਰਹਿਣ ਵਾਲੇ ਯੁਵਰਾਜ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਯੁਵਰਾਜ ਇੱਕ ਹਿਸਟਰੀ ਸ਼ੀਟਰ ਹੈ ਅਤੇ ਇਰਾਦਾ ਕਤਲ, ਡਕੈਤੀ ਅਤੇ ਲੁੱਟ-ਖੋਹ ਆਦਿ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹਨ।
ਉਨਾਂ ਦੱਸਿਆ ਕਿ ਯੁਵਰਾਜ ਦੇ ਨਾਲ ਪੁਲਿਸ ਨੇ ਉਸ ਦੇ ਦੋ ਸਾਥੀਆਂ ਪਵਨ ਕੁਮਾਰ ਉਰਫ ਸ਼ਿਵਾ ਮਾਚੀ ਅਤੇ ਸਾਹਿਲ ਉਰਫ ਮਾਚੀ, ਦੋਵੇਂ ਵਾਸੀ ਚਮਰੰਗ ਰੋਡ ਅੰਮ੍ਰਿਤਸਰ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਕਿ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਅੰਮ੍ਰਿਤਸਰ ਪੁਲਿਸ ਨੂੰ ਕਤਲ, ਸਨੈਚਿੰਗ, ਡਕੈਤੀ, ਲੁੱਟ-ਖੋਹ ਆਦਿ ਦੇ ਕਈ ਹੋਰ ਮਾਮਲਿਆਂ ਵਿੱਚ ਲੋੜੀਂਦੇ ਸਨ।  ਦੋਵੇਂ ਮੁਲਜਮ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਵਿਖੇ ਦਰਜ ਡਕੈਤੀ ਦੇ ਕੇਸ ਵਿੱਚ ਗਿ੍ਰਫਤਾਰ ਕੀਤੇ ਗਏ ਹਨ, ਜਦਕਿ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਵਿੱਚ ਦਰਜ ਹੋਏ ਆਈਈਡੀ ਕੇਸ ਵਿੱਚ ਵੀ ਉਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਕਾਰਵਾਈ, ਪੰਜਾਬ ਪੁਲਿਸ ਵੱਲੋਂ ਤਰਨਤਾਰਨ ਦੇ ਪੱਟੀ ਪਿੰਡ ਦੇ ਦੀਪਕ (22) , ਜੋ 16 ਅਗਸਤ, 2022 ਨੂੰ ਅੰਮ੍ਰਿਤਸਰ ਦੇ ਸੀ-ਬਲਾਕ ਰਣਜੀਤ ਐਵੀਨਿਊ ਦੇ ਖੇਤਰ  ਐਸ.ਆਈ. ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਉਸਦੀ ਐਸਯੂਵੀ ਬੋਲੈਰੋ (ਪੀਬੀ02-ਸੀਕੇ-0800) ਦੇ ਹੇਠਾਂ ਆਈਈਡੀ  ਲਗਾਉਣ ਵਾਲੇ ਯੁਵਰਾਜ ਦਾ ਸਾਥੀ ਸੀ, ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਚਾਰ ਹਫਤੇ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਸਥਾਨਿਕ ਪੁਲਿਸ ਵੱਲੋਂ ਮੌਕੇ ਤੋਂ ਮੋਬਾਈਲ ਫੋਨ-ਟਿ੍ਰਗਰਿੰਗ ਆਈਈਡੀ ਜਿਸ ਦਾ ਵਜ਼ਨ 2.79 ਕਿਲੋਗ੍ਰਾਮ  ਅਤੇ ਲਗਭਗ 2.17 ਕਿਲੋ ਹਾਈ ਵਿਸਫੋਟਕ ਬਰਾਮਦ ਕੀਤਾ ਗਿਆ ਸੀ।   


ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਛੇ ਹੋਰ ਵਿਅਕਤੀਆਂ ਦੀ ਪਛਾਣ ਬਰਖਾਸਤ ਕਾਂਸਟੇਬਲ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ, ਦੋਵੇਂ ਵਾਸੀ ਪਿੰਡ ਸਭਰਾ, ਤਰਨਤਾਰਨ, ਰਜਿੰਦਰ ਕੁਮਾਰ ਉਰਫ ਬਾਊ ਵਾਸੀ ਹਰੀਕੇ ,ਤਰਨ ਤਾਰਨ, ਖੁਸ਼ਹਾਲਬੀਰ ਸਿੰਘ ਉਰਫ ਚਿੱਟੂ, ਵਰਿੰਦਰ ਸਿੰਘ ਉਰਫ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤਿੰਨੋਂ ਵਾਸੀ ਭਿੱਖੀਵਿੰਡ ਵਜੋਂ ਹੋਈ ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਯੁਵਰਾਜ ਦੀ ਗ੍ਰਿਫ਼ਤਾਰੀ ਨਾਲ ਜਿੱਥੇ ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚਣ ਵਾਲੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੀ ਹਵਾਲਗੀ ਲਈ ਵੀ ਪੁਰਜੋਰ ਯਤਨ ਕੀਤੇ ਜਾ ਰਹੇ ਹਨ।  


ਡੀਜੀ.ਪੀ. ਨੇ ਦੁਹਰਾਇਆ, “ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਪ੍ਰਤੀ ਜੀਰੋ-ਟੌਲਰੈਂਸ ਅਪਣਾਉਣ ਕਰਕੇ, ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਨਸ਼ਿਆਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ।”


ਪੁਲਿਸ ਕਮਿਸ਼ਨਰ (ਸੀ.ਪੀ) ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਯੁਵਰਾਜ ਦਾ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਪੁੱਛਗਿੱਛ ਜਾ ਰਹੀ ਹੈ।


ਡੱਬੀ: ਲਾਂਡਾ ਕੌਣ ਹੈ?


ਲਖਬੀਰ ਲੰਡਾ (33), ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਵੀ ਸਾਜਿਸ਼ ਰਚੀ ਸੀ। ਉਸ ਨੂੰ ਪਾਕਿਸਤਾਨ ਸਥਿਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹੱਥ ਮਿਲਾ ਲਿਆ ਸੀ।