Sudhir Suri Murder Case: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਦੋਸ਼ੀ ਸੰਦੀਪ ਸਿੰਘ ਨੂੰ ਪੰਜਾਬ ਦੇ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਸੰਦੀਪ ਸਿੰਘ ਦਾ 7 ਦਿਨ ਦਾ ਰਿਮਾਂਡ ਪੰਜਾਬ ਪੁਲੀਸ ਨੂੰ ਦੇ ਦਿੱਤਾ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਇਕ ਫੇਸਬੁੱਕ ਪੋਸਟ ਰਾਹੀਂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਨੇ ਲਈ ਹੈ।



ਤਰਨਤਾਰਨ ਤੋਂ ਕੈਨੇਡਾ ਜਾ ਕੇ ਵਸੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਨੇ ਇਕ ਪੋਸਟ ਵਿਚ ਕਿਹਾ ਹੈ ਕਿ ਇਹ ਤਾਂ ਅਜੇ ਸ਼ੁਰੂਆਤ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਜੋ ਲੋਕ ਸਿੱਖ ਕੌਮ ਜਾਂ ਕਿਸੇ ਹੋਰ ਧਰਮ ਬਾਰੇ ਬੁਰਾ ਬੋਲਦੇ ਹਨ, ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਸਭ ਦੀ ਵਾਰੀ ਆਵੇਗੀ। ਇਹ ਨਾ ਸੋਚੋ ਕਿ ਤੁਹਾਨੂੰ ਸੁਰੱਖਿਆ ਲੈ ਕੇ ਬਚਾਇਆ ਜਾਵੇਗਾ। ਇਹ ਤਾਂ ਸ਼ੁਰੂਆਤ ਹੈ, ਹੱਕ ਲੈਣਾ ਅਜੇ ਬਾਕੀ ਹੈ।


 

ਹਾਲਾਂਕਿ, ਏਬੀਪੀ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਇਹ ਪੋਸਟ ਸੱਚੀ ਹੈ ਜਾਂ ਫਰਜ਼ੀ। ਇਸ ਮਾਮਲੇ 'ਤੇ ਪੁਲਿਸ ਦੇ ਡਿਪਟੀ ਕਮਿਸ਼ਨਰ (ਡੀਸੀਪੀ ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਅਸੀਂ ਹੁਣ ਤੱਕ ਇਸ ਮਾਮਲੇ 'ਚ ਲੰਡਾ ਹਰੀਕੇ 'ਤੇ ਮਾਮਲਾ ਦਰਜ ਨਹੀਂ ਕੀਤਾ ਹੈ। ਅਸੀਂ ਫੇਸਬੁੱਕ ਪੋਸਟ ਦੀ ਪੁਸ਼ਟੀ ਕਰ ਰਹੇ ਹਾਂ। ਇਹ ਸਪੱਸ਼ਟ ਨਹੀਂ ਹੈ ਕਿ ਇਹ ਨਕਲੀ ਹੈ ਜਾਂ ਅਸਲੀ।

 



ਲਖਬੀਰ ਸਿੰਘ 'ਤੇ ਪੰਜਾਬ 'ਚ 20 ਮਾਮਲੇ ਦਰਜ


ਧਿਆਨ ਯੋਗ ਹੈ ਕਿ ਲਖਬੀਰ ਸਿੰਘ ਦਾ ਨਾਂ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹੋਏ ਆਰਪੀਜੀ ਹਮਲੇ 'ਚ ਸਾਹਮਣੇ ਆਇਆ ਸੀ। ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਨਾਲ ਉਸ ਦੇ ਸਿੱਧੇ ਸਬੰਧ ਹਨ। ਇਸ ਦੇ ਨਾਲ ਹੀ ਤਰਨਤਾਰਨ ਵਿੱਚ ਇੱਕ ਕੱਪੜਾ ਵਪਾਰੀ ਦੇ ਕਤਲ ਵਿੱਚ ਵੀ ਲਖਬੀਰ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਉਸ ਖ਼ਿਲਾਫ਼ ਪੰਜਾਬ ਵਿੱਚ 20 ਕੇਸ ਦਰਜ ਹਨ। ਦੱਸ ਦੇਈਏ ਕਿ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਪੰਜਾਬ ਪੁਲਿਸ ਦੀ Y ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ। ਸੂਰੀ ਦੀ ਸੁਰੱਖਿਆ 15 ਪੁਲਿਸ ਵਾਲੇ ਅਤੇ ਇੱਕ ਪਾਇਲਟ ਜਿਪਸੀ ਦੁਆਰਾ ਕੀਤੀ ਗਈ ਸੀ। ਉਸ ਦੇ ਘਰ 5 ਪੁਲਿਸ ਵਾਲੇ ਰਹਿੰਦੇ ਸਨ। ਇਸ ਦੇ ਬਾਵਜੂਦ ਸੁਧੀਰ ਸੂਰੀ ਨੂੰ ਦਿਨ ਦਿਹਾੜੇ 5 ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਗਿਆ।

 ਖੰਡਿਤ ਮੂਰਤੀਆਂ ਮਿਲਣ ਤੋਂ ਬਾਅਦ ਧਰਨਾ ਦੇ ਰਹੇ ਸੀ ਸੁਧੀਰ ਸੂਰੀ 


ਸੁਧੀਰ ਸੂਰੀ 2010 'ਚ ਉਸ ਸਮੇਂ ਸੁਰਖੀਆਂ 'ਚ ਆਇਆ ਸੀ, ਜਦੋਂ ਉਸ ਨੇ ਪਾਕਿਸਤਾਨ ਅਤੇ ਉਨ੍ਹਾਂ ਦੀ ਖੁਫੀਆ ਏਜੰਸੀ ISI 'ਤੇ ਬਿਆਨਬਾਜ਼ੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਮੰਦਰ ਦੇ ਬਾਹਰ ਸੜਕ ਕਿਨਾਰੇ ਕੁਝ ਖੰਡਿਤ ਮੂਰਤੀਆਂ ਮਿਲਣ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਮੂਰਤੀਆਂ ਦੀ ਬੇਅਦਬੀ ਦਾ ਮਾਮਲਾ ਹੈ। ਸੁਧੀਰ ਸੂਰੀ ਗੋਪਾਲ ਮੰਦਰ ਦੇ ਪ੍ਰਬੰਧਕਾਂ ਦਾ ਵਿਰੋਧ ਕਰ ਰਹੇ ਸਨ। ਪੁਲਿਸ ਮੁਤਾਬਕ ਇਸ ਦੌਰਾਨ ਸੁਧੀਰ ਸੂਰੀ 'ਤੇ 5 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।