ਅੰਮ੍ਰਿਤਸਰ: ਹਰਿਆਣਾ ਦੇ ਸਿਰਸਾ ਜਿਲੇ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਨੌਜਵਾਨ ਦੀ ਉਮਰ 23 ਸਾਲ ਹੈ ਅਤੇ ਉਹ ਸਿਰਸਾ ਜਿਲੇ ਦੇ ਪਿੰਡ ਹੈਬੋਵਾਲ ਦਾ ਰਹਿਣ ਵਾਲਾ ਹੈ।
ਥਾਣਾ ਰਾਮ ਬਾਗ ਦੇ ਐਸ.ਐਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਨਾਮ ਜਸਕੌਰ ਸਿੰਘ ਹੈ ਅਤੇ ਉਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਚ ਪੈਂਦੇ ਪਿੰਡ ਹੈਬੋਵਾਲ ਦਾ ਵਸਨੀਕ ਹੈ। ਹੋਟਲ ਮੁਲਾਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਸਨੇ ਕੱਲ੍ਹ ਰਾਤ ਹੀ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ ਅਤੇ ਕਿਹਾ ਸੀ ਕਿ ਉਹ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ ਹੈ।
ਹੋਟਲ ਕਰਮਚਾਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਜਸਕੌਰ ਸਿੰਘ ਨੇ ਇੱਕ ਦਿਨ ਲਈ ਹੀ ਕਮਰਾ ਬੁੱਕ ਕਰਵਾਇਆ ਸੀ ਪਾਰ ਅੱਜ ਜਦੋਂ ਉਹ 12 ਵਜੇ ਤੱਕ ਵੀ ਕਮਰੇ ਤੋਂ ਬਾਹਰ ਨਹੀਂ ਨਿਕਲਿਆ ਤਾਂ ਕਮਰੇ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜਾ ਦੂਸਰੀ ਚਾਬੀ ਨਾਲ ਖੋਲ ਕੇ ਦੇਖਿਆ ਤਾਂ ਜਸਕੌਰ ਸਿੰਘ ਦੀ ਲਾਸ਼ ਕਮਰੇ ਚ ਲੱਗੇ ਪੱਖੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਐਸ.ਐਚ.ਓ ਰਾਜਵਿੰਦਰ ਕੌਰ ਮੁਤਾਬਿਕ ਜਸਕੌਰ ਸਿੰਘ ਪਿਛਲੇ ਕਈ ਦਿਨਾਂ ਤੋਂ ਆਪਣੇ ਘਰ ਤੋਂ ਗਾਇਬ ਸੀ ਅਤੇ ਉਸਦਾ ਪਰਿਵਾਰ ਉਸਦੀ ਭਾਲ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਉਸਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਾਰਨ ਤੋਂ ਬਾਅਦ ਪਤਾ ਲੱਗਿਆ ਕਿ ਜਸਕੌਰ ਸਿੰਘ ਪਿਛਲੇ 15-20 ਦਿਨਾਂ ਤੋਂ ਕਾਫੀ ਪਰੇਸ਼ਾਨ ਸੀ ਅਤੇ ਆਪਣੇ ਘਰੋਂ ਨਿਕਲ ਆਇਆ ਸੀ। ਪਰਿਵਾਰ ਵਾਲਿਆਂ ਮੁਤਾਬਿਕ ਉਸਨੇ ਕੱਲ ਰਾਤ ਵੀ ਆਪਣੇ ਘਰ ਫੋਨ ਕਰਕੇ ਮਰਨ ਦੀ ਗੱਲ ਕਹੀ ਸੀ। ਪੁਲਿਸ ਵਲੋਂ ਉਸਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।