ਬਠਿੰਡਾ: ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਨ ਬਠਿੰਡਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਸ਼ਾਂਤਮਈ ਢੰਗ ਨਾਲ ਨਗਰ ਨਿਗਮ ਚੋਣਾਂ ਕਰਵਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸੁਖਬੀਰ ਨੇ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਵੀ ਤਾੜਿਆ ਹੈ।


ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਧੱਕਾ ਕਰਨ ਦੀ ਨੀਤੀ ਰਹੀ ਹੈ। ਇਸ ਲਈ ਮੈਂ ਚੋਣ ਕਮਿਸ਼ਨ ਨੂੰ ਸਹੀ ਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਦੀ ਬੇਨਤੀ ਕਰਦਾ ਹਾਂ, ਤਾਂ ਜੋ ਕਿਸੇ ਨਾਲ ਵੀ ਧੱਕਾ ਨਾ ਹੋਵੇ। ਉਨ੍ਹਾਂ ਕਿਹਾ ਇੱਥੋਂ ਤਕ ਕਿ ਮੈਂ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਜੋ ਬਠਿੰਡਾ ਵਿਖੇ 4-4 ਸਾਲ ਤੋਂ ਇਕ ਹੀ ਥਾਂ 'ਤੇ ਪੁਲਿਸ ਅਧਿਕਾਰੀ ਬੈਠੇ ਹਨ, ਉਨ੍ਹਾਂ ਨੂੰ ਬਦਲਿਆ ਜਾਵੇ।


ਸੁਖਬੀਰ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਇੱਕ ਥਾਣੇ ਵਿੱਚ ਐਸਐਚਓ ਲੱਗਿਆ ਹੈ ਜੋ ਮਨਪ੍ਰੀਤ ਬਾਦਲ ਦਾ ਪੀਏ ਵੀ ਰਿਹਾ ਹੈ, ਗੰਨਮੈਨ ਵੀ ਰਿਹਾ ਹੈ ਤੇ ਹੁਣ ਉਹ ਥਾਣੇ ਵਿਚ ਬੈਠਾ ਝੂਠੇ ਪਰਚੇ ਦੇਈ ਜਾ ਰਿਹਾ ਹੈ, ਮੇਰੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਕਿ ਇਸ ਉੱਪਰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਸੁਖਬੀਰ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਝੂਠੇ ਪਰਚੇ ਦਰਜ ਕੀਤੇ ਹਨ ਸਾਡੀ ਸਰਕਾਰ ਆਉਣ 'ਤੇ ਉਨ੍ਹਾਂ ਦੀ ਨੌਕਰੀ ਖਤਮ।


ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਉੱਤੇ ਸੀਰੀਅਸ ਨਹੀਂ, ਜੇਕਰ ਸੀਰੀਅਸ ਹੁੰਦੀ ਤਾਂ ਮਸਲਾ ਹੱਲ ਜਾਂਦਾ। ਸੁਖਬੀਰ ਨੇ ਕਿਹਾ ਮੀਟਿੰਗ ਤੇ ਮੀਟਿੰਗ ਸੱਦੀ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਐਕਟ ਕਾਂਗਰਸ ਸਰਕਾਰ ਲੈ ਕੇ ਆਈ ਸੀ। ਕੈਪਟਨ ਅਮਰਿੰਦਰ ਸਿੰਘ ਖੁਦ ਇਸ ਐਕਟ ਵਿੱਚ ਮੈਂਬਰ ਰਹੇ, ਇੱਥੋਂ ਤੱਕ ਕਿ ਮਨਮੋਹਨ ਸਿੰਘ ਵੀ ਇਹ ਐਕਟ ਲੈ ਕੇ ਆਏ ਸਨ।


ਉਨ੍ਹਾਂ ਕਿਹਾ ਕਿ ਅਸੀਂ ਇਸ ਐਕਟ ਦਾ ਸ਼ੁਰੂ ਤੋਂ ਹੀ ਵਿਰੋਧ ਕੀਤਾ। ਇੱਥੋਂ ਤਕ ਕਿ ਪਾਰਲੀਮੈਂਟ ਵਿੱਚ ਮੈਂ ਤੇ ਹਰਸਿਮਰਤ ਕੌਰ ਨੇ ਵਿਰੋਧ ਕੀਤਾ ਬਲਕਿ 'ਆਪ' ਤੇ ਕਾਂਗਰਸ ਬਾਈਕਾਟ ਕਰਕੇ ਬਾਹਰ ਚਲੇ ਗਏ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ