Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਲਗਾਤਾਰ ਦੂਜੀ ਵਾਰ ਮੂੰਗੀ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ਫੇਲ੍ਹ ਕੀਤਾ ਹੈ ਤੇ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਨਾ ਕਰ ਸਕਣ ਕਾਰਨ ਕਿਸਾਨ ਆਪਣੀ ਜਿਣਸ ਘੱਟ ਰੇਟਾਂ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹੋਏ ਹਨ।


ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਸਰਕਾਰੀ ਏਜੰਸੀਆਂ 7755 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ’ਤੇ ਤੁਰੰਤ ਖਰੀਦ ਸ਼ੁਰੂ ਕਰਨ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਆਪਣੀ ਜਿਣਸ ਘੱਟ ਰੇਟ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਣ।
ਬਾਦਲ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੇ ਮੁੱਖ ਮੰਤਰੀ ਦੀ ਨਿੱਜੀ ਅਪੀਲ ਤੇ ਉਹਨਾਂ ਵੱਲੋਂ ਐਮ ਐਸ ਪੀ ’ਦੇ ਜਿਣਸ ਖਰੀਦਣ ਦੇ ਦਿੱਤੇ ਭਰੋਸੇ ਨੂੰ ਵੇਖਦਿਆਂ ਮੂੰਗੀ ਦੀ ਫਸਲ ਬੀਜੀ ਸੀ। ਉਹਨਾਂ ਕਿਹਾ ਕਿ ਜਦੋਂ ਫਸਲ ਮੰਡੀ ਵਿਚ ਆਈ ਤਾਂ ਸਾਰੀ ਜਿਣਸ ਵਿਚੋਂ ਸਿਰਫ 17 ਫੀਸਦੀ ਫਸਲ ਹੀ ਖਰੀਦੀ ਗਈ ਤੇ ਕਿਸਾਨਾਂ ਨੂੰ ਵੱਡਾ ਘਾਟਾ ਪਿਆ।


ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਾਲ ਹਾਲਾਤ ਹੋਰ ਮਾੜੇ ਹਨ। ਇਸ ਸੀਜ਼ਨ ਵਿਚ ਸਰਕਾਰੀ ਏਜੰਸੀਆਂ ਨੇ ਪਿਛਲੇ ਸਾਲ ਨਾਲੋਂ 77 ਫੀਸਦੀ ਘੱਟ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 2280 ਕੁਇੰਟਲ ਮੂੰਗੀ ਦੀ ਖਰੀਦ ਕੀਤੀ ਹੈ ਜਦੋਂ ਕਿ ਪਿਛਲੇ ਸਾਲ ਹੁਣ ਤੱਕ 9902 ਕੁਇੰਟਲ ਫਸਲ ਖਰੀਦੀ ਸੀ। ਉਹਨਾਂ ਕਿਹਾ ਕਿ ਅਜਿਹਾ ਉਦੋਂ ਹੋਇਆ ਜਦੋਂ ਸਰਕਾਰ ਨੇ ਮੂੰਗੀ ਦੀ ਖਰੀਦ ਵਾਸਤੇ 42 ਮੰਡੀਆਂ ਨੋਟੀਫਾਈ ਕੀਤੀਆਂ ਹਨ।


ਬਾਦਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੂਰੀ ਤਰ੍ਹਾਂ ਕਿਸਾਨਾਂ ਦੀ ਬਾਂਹ ਛੱਡਣ ਮਗਰੋਂ ਹੁਣ ਕਿਸਾਨ ਪ੍ਰਾਈਵੇਟ ਵਪਾਰੀਆਂ ’ਦੇ ਨਿਰਭਰ ਰਹਿ ਗੲ ਹਨ। ਉਹਨਾਂ ਕਿਹਾ ਕਿ ਇਕ ਪ੍ਰਾਈਵੇਟ ਵਪਾਰੀ ਨੇ 1.47 ਕੁਇੰਟਲ ਮੂੰਗੀ ਸੂਬੇ ਵਿਚ ਹੁਣ ਤੱਕ ਖਰੀਦੀ ਹੈ। ਕਿਸਾਨ ਨੂੰ 7755 ਰੁਪਏ ਪ੍ਰਤੀ ਕੁਇੰਟਲ ਐਮ ਐਸ ਪੀ ਨਾਲੋਂ 1000 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ’ਤੇ ਜਿਣਸ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।


ਬਾਦਲ ਨੇ ਮੁੱਖ ਮੰਤਰੀ ਵੱਲੋਂ ਸੂਬੇ ਵਿਚ ਖੇਤੀ ਅਰਥਚਾਰੇ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿਚ ਮੂੰਗੀ ਦੀ ਖੇਤੀ ਇਸ ਆਸ ਵਿਚ ਉਤਸ਼ਾਹਿਤ ਕੀਤੀ ਜਾ ਰਹੀ ਸੀ ਕਿ ਇਸ ਨਾਲ ਨਾ ਸਿਰਫ ਨਾ ਸਿਰਫ ਖੇਤੀ ਵਿਭਿੰਨਤਾ ਆ ਸਕੇਗੀ ਬਲਕਿ ਜ਼ਮੀਨ ਹੇਠਲਾ ਪਾਣੀ ਵੀ ਬਚ ਸਕੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਮੂੰਗੀ, ਮੱਕੀ ਤੇ ਸੂਰਜਮੁਖੀ ਦੀ ਫਸਲ ਐਮ ਐਸ ਪੀ ’ਤੇ ਖਰੀਦੇਗੀ ਜਿਸ ਮਗਰੋਂ ਇਹਨਾਂ ਫਸਲਾਂ ਹੇਠਲਾ ਰਕਬਾ ਵੱਧ ਗਿਆ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਖਰੀਦ ਦਾ ਸਮਾਂ ਆ ਗਿਆ ਤਾਂ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ।


ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਖੇਤੀ ਸੈਕਟਰ ਦੇ ਨਾਲ ਨਾਲ ਕਿਸਾਨਾਂ ਦੀ ਭਲਾਈ ਵੱਲ ਧਿਆਨ ਦੇਣ। ਉਹਨਾਂ ਕਿਹਾ ਕਿ ਮੱਕੀ ਦੀ ਫਸਲ ਦੇ ਮਾਮਲੇ ਵਿਚ ਵੀ ਕਿਸਾਨਾਂ ਨੂੰ ਭਟਕਦਾ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 2090 ਰੁਪਏ ਪ੍ਰਤੀ ਕੁਇੰਅਲ ਦੀ ਐਮ ਐਸ ਪੀ ਦੀ ਥਾਂ ਕਿਸਾਨਾਂ ਨੂੰ 1900 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੰਡੀਆਂ ਵਿਚ ਫਸਲ ਸੁਕਾਉਣ ਲਈ ਡ੍ਰਾਇਰ ਵੀ ਨਹੀਂ ਦਿੱਤੇ ਗਏ ਤੇ ਸਾਫ ਸਫਾਈ ਦਾ ਵੀ ਮੰਦਾ ਹਾਲ ਹੈ।