ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੱਲ-ਗੱਲ 'ਤੇ ਘੇਰਿਆ ਅਤੇ ਪੁੱਛਿਆ ਕਿ ਆਪਣੇ 1997 ਤੋਂ 2002 ਅਤੇ 2007 ਤੋਂ 2017 ਦੇ ਰਾਜਭਾਗ ਦੌਰਾਨ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਬੰਧਿਤ ਇਹ ਮੁੱਦੇ ਕਿਉਂ ਨਹੀਂ ਚੇਤੇ ਆਏ ? ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਨੂੰ ਇਹ ਸਪੱਸ਼ਟ ਕਰੇ ਕਿ ਕੀ ਉਨ੍ਹਾਂ ਦੇ ਰਾਜ ਵੇਲੇ ਇਹ ਮੁੱਦੇ ਅਤੇ ਸੰਕਟ ਨਹੀਂ ਸਨ ?


ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ, 'ਉਹ ਚਾਹੁੰਦੇ ਹਨ ਕਿ ਪੰਜਾਬ ਦੇ ਹਰ ਬੀ.ਏ ਪਾਸ ਨੂੰ 5000 ਨਹੀਂ ਬਲਕਿ 50,000 ਦੀ ਨੌਕਰੀ ਮਿਲੇ ਪਰ ਸਵਾਲ ਇਹ ਹੈ ਕਿ ਬਾਦਲਾਂ ਨੂੰ ਅਜਿਹੇ ਅੱਛੇ ਖਿਆਲ ਸੱਤਾ ਤੋਂ ਬਾਹਰ ਹੁੰਦਿਆਂ ਹੀ ਕਿਉਂ ਆਉਂਦੇ ਹਨ? ਪੰਥ ਅਤੇ ਪੰਜਾਬ ਸਮੇਤ ਨੌਜਵਾਨਾਂ-ਬੇਰੁਜ਼ਗਾਰਾਂ, ਕਿਸਾਨਾਂ-ਮਜ਼ਦੂਰਾਂ ਅਤੇ ਸਰਕਾਰੀ ਸਕੂਲਾਂ-ਹਸਪਤਾਲਾਂ ਦੀ ਚਿੰਤਾ ਸੱਤਾ 'ਚ ਹੁੰਦਿਆਂ ਕਿਉਂ ਨਹੀਂ ਕੀਤੀ ਜਾਂਦੀ ?


ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਦਲਾਂ ਦੇ ਪਰਿਵਾਰ ਨੂੰ ਭੁੱਲ ਕੇ ਵੀ ਸੱਤਾ 'ਚ ਨਾ ਲਿਆਂਦਾ ਜਾਵੇ ਕਿਉਂਕਿ ਇਹ ਸੱਤਾ ਚੋਂ  ਬਾਹਰ ਰਹਿੰਦਿਆਂ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਬਾਰੇ ਭਲਾ ਸੋਚਣ ਲਈ ਮਜਬੂਰ ਹੁੰਦੇ ਹਨ, ਜਦਕਿ ਸੱਤਾ 'ਚ ਹੁੰਦਿਆਂ ਇਹ ਮਾਫ਼ੀਆ ਅਤੇ ਮਾਇਆ ਮੋਹ ਦੇ ਸ਼ੁਦਾਈ ਹੋ ਜਾਂਦੇ ਹਨ, ਅਰਥਾਤ ਬਾਦਲ ਐਂਡ ਕੰਪਨੀ ਨੂੰ ਪੰਜਾਬ ਦੇ ਰਾਜਭਾਗ ਤੋਂ ਦੂਰ ਰੱਖਣ 'ਚ ਹੀ ਭਲਾਈ ਹੈ।  


ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਸਬਜ਼ੀਆਂ, ਫਲਾਂ, ਬਾਸਮਤੀ ਅਤੇ ਆਲੂਆਂ ਆਦਿ ਉੱਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਦਾ ਮੁੱਦਾ ਦਹਾਕਿਆਂ ਪੁਰਾਣ ਹੈ। ਇਸ ਦੌਰਾਨ 15 ਸਾਲ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮੁੱਖ ਮੰਤਰੀ ਵੱਜੋ ਰਾਜ-ਸੱਤਾ ਭੋਗ ਚੁੱਕੇ ਹਨ, ਉਦੋਂ ਸੁਖਬੀਰ ਸਿੰਘ ਬਾਦਲ ਨੂੰ ਫ਼ਲ ਅਤੇ ਸਬਜ਼ੀ ਉਤਪਾਦਕ ਕਿਸਾਨਾਂ ਦੀ ਗੁਹਾਰ ਕਿਉਂ ਨਹੀਂ ਸੁਣਾਈ ਦਿੱਤੀ? ਸੜਕਾਂ ਕਿਨਾਰੇ ਪਏ ਆਲੂ ਦੇ ਢੇਰ ਕਿਉਂ ਨਹੀਂ ਦਿਖਾਈ ਦਿੱਤੇ? 


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਸਾਲ 2004 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੰਦ ਕੀਤੀ ਸੀ, ਉਨ੍ਹਾਂ ਉਪਰੰਤ 2007 ਤੋਂ 2017 ਤੱਕ ਬਾਦਲ ਪਰਿਵਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫ਼ੈਸਲਾ ਕਿਉਂ ਨਹੀਂ ਲਿਆ? ਇਸੇ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲ ਅਤੇ ਹਸਪਤਾਲਾਂ ਦੀ ਹਾਲਤ ਬਾਦਲ ਸਰਕਾਰ ਵੇਲੇ ਵੀ ਤਰਸਯੋਗ ਹੀ ਸੀ, ਉਦੋਂ ਸਿੱਖਿਆ ਅਤੇ ਸਹਿਤ ਮੁੱਖ ਏਜੰਡੇ 'ਤੇ ਕਿਉਂ ਨਹੀਂ ਰਹੀ?