ਚੰਡੀਗੜ੍ਹ: ਅਗਸਤ ਵਿੱਚ ਹੋਏ ਵਿਧਾਨ ਸਭਾ ਇਜਲਾਸ ਦੌਰਾਨ ਸੁਖਬੀਰ ਬਾਦਲ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਭਾਵਿਤ ਕੀਤੇ ਜਾਣ ਸਬੰਧੀ ਕਾਂਗਰਸ ਸਰਕਾਰ 'ਤੇ ਲਾਏ ਇਲਜ਼ਾਮਾਂ ਵਿੱਚ ਸੁਖਬੀਰ ਬਾਦਲ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ। ਵਿਧਾਨ ਸਭਾ ਦੀ ਸਬ ਕਮੇਟੀ ਨੇ ਸੁਖਬੀਰ ਵੱਲੋਂ ਲਾਏ ਗਏ ਇਲਜ਼ਾਮਾਂ ਦੀ ਪੜਤਾਲ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਇਲਜ਼ਾਮਾਂ ਨੂੰ ਗ਼ਲਤ ਕਰਾਰ ਦਿੱਤਾ ਗਿਆ ਹੈ। ਕਮੇਟੀ ਨੇ ਬਾਦਲ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ।
ਸਬ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕਿਹਾ ਕਿ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਸੁਖਬੀਰ ਬਾਦਲ ਨੂੰ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੇ ਇਲਜ਼ਾਮਾਂ ਹੇਠ ਦੋਸ਼ੀ ਕਰਾਰ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਰੰਧਾਵਾ ਨੇ ਕਿਹਾ ਕਿ ਇਹ ਰਿਪੋਰਟ ਵਿਧਾਨ ਸਭਾ ਵਿੱਚ ਜਮ੍ਹਾਂ ਕਰਾ ਦਿੱਤੀ ਗਈ ਹੈ। ਅਗਲੀ ਕਾਰਵਾਈ ਦਾ ਫੈਸਲਾ ਸਦਨ ਹੀ ਕਰੇਗਾ। ਸਬ ਕਮੇਟੀ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕ ਵੀ ਸ਼ਾਮਲ ਸਨ, ਪਰ ਰੰਧਾਵਾ ਦਾ ਦਾਅਵਾ ਕਿ ਅਕਾਲੀ ਦਲ ਦੇ ਵਿਧਾਇਕ ਆਪਣੇ ਪਾਰਟੀ ਪ੍ਰਧਾਨ ਦਾ ਪੱਖ ਪੂਰਨ ਲਈ ਇੱਕ ਵਾਰ ਵੀ ਕਮੇਟੀ ਦੇ ਬੁਲਾਇਆਂ ਨਹੀਂ ਆਏ। ਰੰਧਾਵਾ ਨੇ ਦੱਸਿਆ ਕਿ ਜੋ ਨੰਬਰ ਸੁਖਬੀਰ ਸਿੰਘ ਬਾਦਲ ਨੇ ਸੈਸ਼ਨ ਦੌਰਾਨ ਪ੍ਰੈੱਸ ਕਾਨਫਰੰਸ ਵਿੱਚ ਦਿੱਤੇ ਸਨ, ਉਨ੍ਹਾਂ ਹੀ ਨੰਬਰਾਂ ਦੀ ਤਫ਼ਤੀਸ਼ ਕੀਤੀ ਗਈ ਤੇ ਬਾਦਲ ਦੇ ਸਾਰੇ ਤੱਥ ਝੂਠੇ ਪਾਏ ਗਏ।
ਦਰਅਸਲ, ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ 'ਤੇ ਇਲਜ਼ਾਮ ਲਾਏ ਸਨ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਚੰਨਣ ਸਿੰਘ ਦੇ ਫਾਰਮ ਹਾਊਸ 'ਤੇ ਬੈਠ ਕੇ ਰਣਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਨਾਲ ਰਲ ਕੇ ਤਿਆਰ ਕੀਤੀ ਗਈ ਸੀ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਦਾਦੂਵਾਲ ਵਿਚਕਾਰ ਹੋਈ ਮੀਟਿੰਗ ਦੇ ਵੀ ਇਲਜ਼ਾਮ ਲਗਾਏ ਸਨ ਤੇ ਮੰਗ ਕੀਤੀ ਸੀ ਕਿ ਟਾਵਰ ਲੋਕੇਸ਼ਨਾਂ ਕਢਵਾਈਆਂ ਜਾਣ। ਸੁਖਬੀਰ ਦੀ ਜਾਂਚ ਦੀ ਮੰਗ 'ਤੇ ਵਿਧਾਨ ਸਭਾ ਨੇ ਸਬ ਕਮੇਟੀ ਦਾ ਗਠਨ ਕੀਤਾ ਜਿਸ ਦੀ ਰਿਪੋਰਟ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਇਲਜ਼ਾਮਾਂ ਨੂੰ ਗ਼ਲਤ ਪਾਇਆ ਗਿਆ ਹੈ।