ਚੰਡੀਗੜ੍ਹ: "ਕੈਪਟਨ ਆਪਣੇ ਲਾਲਚ ਕਰਕੇ ਰਾਣਾ ਨੂੰ ਬਚਾ ਰਹੇ ਹਨ। ਨਾਰੰਗ ਕਮਿਸ਼ਨ ਬੋਗਸ ਕਮਿਸ਼ਨ ਸੀ। ਇਹ ਅਸਤੀਫ਼ਾ ਦਿੱਤਾ ਨਹੀਂ ਗਿਆ ਸਗੋਂ ਹਾਈਕਮਾਨ ਵੱਲੋਂ ਲਿਆ ਗਿਆ ਹੈ। ਇਸ ਮਾਮਲੇ ਤੋਂ ਸਾਡੀ ਲੜਾਈ ਸਿਰਫ਼ ਸ਼ੁਰੂ ਹੋਈ ਹੈ ਤੇ ਅੱਗੇ ਜਾਰੀ ਰਹੇਗੀ। ਮੈਂ ਖੱਡਾਂ ਦੇ ਮਾਮਲੇ 'ਤੇ ਹਾਈਕੋਰਟ ਜਾ ਕੇ ਸੀਬੀਆਈ ਜਾਂਚ ਮੰਗਾਂਗਾ।" ਇਹ ਗੱਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਹੀਆਂ ਹਨ।

ਉਨ੍ਹਾਂ ਕਿਹਾ ਕਿ ਰਾਣਾ ਖ਼ਿਲਾਫ਼ ਚੱਲ ਰਹੇ ਹੋਰ ਮਾਮਲਿਆਂ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਜਾਂਚ ਮੰਗਾਂਗੇ ਤਾਂ ਕਿ ਲੋਕਾਂ ਨਾਲ ਕੀਤੇ ਧੋਖਾ ਦਾ ਸੱਚ ਬੇਨਕਾਬ ਹੋ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਏਨੇ ਦਿਨ ਅਸਤੀਫ਼ਾ ਨਾ ਮਨਜ਼ੂਰ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।



ਖਹਿਰਾ ਨੇ ਕਿਹਾ ਕਿ ਰਾਣਾ ਦਾ ਅਸਤੀਫ਼ਾ ਜਲਦ ਜਲਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਹੁਣ ਟੈਸਟ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਕਾਂਗਰਸ ਵਿੱਚੋਂ ਖ਼ਤਮ ਕਰਨਾ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕੈਪਟਨ ਤੇ ਰਾਣਾ ਤਾਂ ਮਿਲ ਕੇ ਭ੍ਰਿਸ਼ਟਾਚਾਰ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਖਿਲਾਫ ਡਰੱਗ ਦੇ ਮਾਮਲੇ ਵਿੱਚ ਰਾਣਾ ਗੁਰਜੀਤ ਵੱਲੋਂ ਰਚੀ ਸਾਜਿਸ਼ ਬਾਰੇ ਵੱਡਾ ਖੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਰਾਣਾ ਦੀ ਲੜਾਈ ਨੂੰ ਉਹ ਆਖ਼ਰੀ ਅੰਜ਼ਾਮ ਤੱਕ ਲਿਜਾਣਗੇ।