ਜਲੰਧਰ: ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ ਚੋਣਾਂ ਵਿੱਚ ਵੱਡਾ ਝਟਕਾ ਲੱਗਾ ਹੈ। ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਦੀ ਪਤਨੀ ਕਿਰਨਬੀਰ ਕੌਰ ਨੂੰ ਪੰਚਾਇਤੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਵੀ ਉਦੋਂ ਹੋਈ ਹੈ ਜਦ ਖਹਿਰ ਨੇ ਪਿੰਡ ਆ ਕੇ ਖ਼ੁਦ ਆਪਣੀ ਭਰਜਾਈ ਦਾ ਸਮਰਥਨ ਕੀਤਾ ਸੀ।


ਇਹ ਵੀ ਪੜ੍ਹੋ: ਖਹਿਰਾ ਨੇ ਨਕਾਰੀਆਂ ਪੰਚਾਇਤੀ ਚੋਣਾਂ, ਲੋਕਾਂ ਦਾ ਸਾਥ ਦੇਣ ਪਹੁੰਚੇ ਪੋਲਿੰਗ ਬੂਥ

ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਨੂੰ ਰਾਮਗੜ੍ਹ ਪਿੰਡ ਦੀ ਸਰਪੰਚੀ ਬਦਲੇ 400 ਵੋਟਾਂ ਹਾਸਲ ਹੋਈਆਂ ਪਰ ਉਨ੍ਹਾਂ ਦੇ ਵਿਰੋਧੀ ਨਿਰਮਲ ਸਿੰਘ ਨੂੰ 454 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੇ ਚੋਣ ਪੋਸਟਰ ਵਿੱਚ ਵੀ ਖਹਿਰਾ ਵੱਲੋਂ ਸਮਰਥਨ ਦਿੱਤੇ ਜਾਣ ਦਾ ਵੀ ਵਿਸ਼ੇਸ਼ ਨੋਟ ਲਿਖਿਆ ਗਿਆ ਸੀ, ਪਰ ਉਸਨੇ ਕੰਮ ਨਾ ਕੀਤਾ। ਪਿੰਡ ਵਿੱਚੋਂ ਹੀ ਸਮਰਥਨ ਨਾ ਜੁਟਾ ਸਕਣ ਵਾਲੇ ਖਹਿਰਾ ਦੀ ਨਵੀਂ ਸਿਆਸੀ ਪਾਰਟੀ ਬਣਾਉਣ ਵਾਲੀ ਮੁਹਿੰਮ ਨੂੰ ਝਟਕਾ ਲੱਗ ਸਕਦਾ ਹੈ।

ਸਬੰਧਤ ਖ਼ਬਰ- ਪੰਚਾਇਤੀ ਚੋਣਾਂ: ਜਗੀਰ ਕੌਰ ਵੱਲੋਂ ਸੁਖਪਾਲ ਖਹਿਰਾ 'ਤੇ ਵੱਡਾ ਹਮਲਾ

ਹਾਲਾਂਕਿ, ਖਹਿਰਾ ਪਹਿਲਾਂ ਹੀ ਪੰਚਾਇਤੀ ਚੋਣਾਂ ਨੂੰ ਰੱਦ ਕਰ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਸਿਆਸਤਦਾਨ ਤੇ ਅਫ਼ਸਰਸ਼ਾਹੀ ਰਲ ਕੇ ਭ੍ਰਿਸ਼ਟਾਚਾਰ ਕਰਦੇ ਹਨ ਤੇ ਪੰਚਾਇਤੀ ਰਾਜ ਦੀਆਂ ਤਾਕਤਾਂ ਪੰਚਾਇਤਾਂ ਨੂੰ ਨਹੀਂ ਮਿਲੀਆਂ, ਜਿਸ ਨਾਲ ਆਮ ਲੋਕਾਂ ਨੂੰ ਇਨ੍ਹਾਂ ਚੋਣਾਂ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਪੰਜਾਬ ਸਰਕਾਰ 'ਤੇ ਵੀ ਤੰਜ਼ ਕੱਸਦਿਆਂ ਕਿਹਾ ਸੀ ਕਿ ਕਾਂਗਰਸ ਕੋਲ ਨਾ ਕੋਈ ਪੈਸਾ ਹੈ ਅਤੇ ਨਾ ਹੀ ਵਿਕਾਸ ਦਾ ਨਜ਼ਰੀਆ। ਪਰ ਹੁਣ ਘਰ 'ਚੋਂ ਪੰਚਾਇਤੀ ਖੁੱਸਣ ਨਾਲ ਹੋਈ ਕਿਰਕਰੀ 'ਤੇ ਵਿਰੋਧੀਆਂ ਨੂੰ ਖਹਿਰਾ 'ਤੇ ਸਵਾਲ ਚੁੱਕਣ ਦਾ ਮੌਕਾ ਜ਼ਰੂਰ ਮਿਲ ਗਿਆ ਹੈ।