ਚੰਡੀਗੜ੍ਹ: ਇਸ ਵਾਰ ਸਰਪੰਚੀ ਦੀਆਂ ਚੋਣਾਂ ਦੇ ਦਿਲਚਸਪ ਨਤੀਜੇ ਆ ਰਹੇ ਹਨ। ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ ਫੌਜੀ ਪਰਿਵਾਰ ਦੀ ਐਲਐਲਬੀ ਕਰ ਰਹੀ 21 ਸਾਲਾ ਕੁੜੀ ਇੰਦਰਪ੍ਰੀਤ ਕੌਰ ਨੂੰ 8ਵੀਂ ਪਾਸ ਬੀਬੀ ਜੋਤੀ ਨੇ ਹਰਾ ਦਿੱਤਾ ਹੈ। ਇੰਦਰਪ੍ਰੀਤ ਪਿੰਡ ਦੀ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ ਪਰ 8ਵੀਂ ਪਾਸ ਮਹਿਲਾ ਨੇ ਉਸ ਨੂੰ ਹਰਾ ਦਿੱਤਾ।
ਸੱਤੋਵਾਲੀ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਮਹਿਜ਼ 60 ਘਰ ਤੇ 253 ਵੋਟ ਹਨ। ਪਿੰਡ ਚਰਚਾ ਵਿੱਚ ਇਸ ਕਰਕੇ ਸੀ ਕਿਉਂਕਿ ਫੌਜੀਆਂ ਦੇ ਘਰ ਦੀ 21 ਸਾਲਾਂ ਦੀ ਕੁੜੀ ਸਰਪੰਚ ਬਣ ਕੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਬੁਲੰਦ ਚਾਹੁੰਦੀ ਸੀ। ਇੰਦਰਪ੍ਰੀਤ ਐਲਐਲਬੀ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ।
ਇੰਦਰਪ੍ਰੀਤ ਦਾ ਮੁਕਾਬਲਾ ਜੋਤੀ ਨਾਲ ਸੀ। ਜੋਤੀ ਸਿਰਫ ਅੱਠ ਜਮਾਤਾਂ ਪੜ੍ਹੀ ਹੋਈ ਹੈ। ਜੋਤੀ ਦੇ ਪਤੀ ਵਾਰਡ ਨੰਬਰ 5 ਤੋਂ ਪੰਚ ਚੁਣੇ ਜਾ ਚੁੱਕੇ ਹਨ। ਇਹ ਵਾਰਡ ਔਰਤਾਂ ਵਾਸਤੇ ਰਾਖਵਾਂ ਹੋ ਗਿਆ। ਇਸ ਲਈ ਜੋਤੀ ਚੋਣ ਲੜ ਰਹੀ ਸੀ। ਜੋਤੀ ਦੇ ਪਤੀ ਹਰਜਿੰਦਰਪਾਲ ਦਾ ਕਹਿਣਾ ਹੈ ਕਿ ਸਾਰਾ ਪਿੰਡ ਉਨ੍ਹਾਂ ਦੇ ਨਾਲ ਹੈ। ਇਸ ਲਈ ਉਨ੍ਹਾਂ ਨੇ ਇਹ ਚੋਣ ਜਿੱਤੀ ਤੇ ਜਿਹੜੇ ਪਿੰਡ ਦੇ ਕੰਮ ਬਾਕੀ ਹਨ, ਉਨ੍ਹਾਂ ਨੂੰ ਪੂਰਾ ਕਰਵਾਉਣਗੇ।