ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੌਰਾਨ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਪਾਰਾ ਕਾਫੀ ਚੜ੍ਹਿਆ ਰਿਹਾ। ਕਈ ਥਾਈਂ ਹਿੰਸਕ ਘਟਨਾਵਾਂ ਹੋਈਆਂ ਤੇ ਬੂਥਾਂ 'ਤੇ ਕਬਜ਼ੇ ਦੀਆਂ ਵੀ ਖਬਰਾਂ ਆਈਆਂ। ਚਾਰ ਵਜੇ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਨੂੰ ਛੱਡ ਚੋਣਾਂ ਦਾ ਕੰਮ ਸ਼ਾਂਤਮਈ ਨੇਪਰੇ ਚੜ੍ਹਿਆ। ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਛੇਤੀ ਹੀ ਨਤੀਜੇ ਸਾਹਮਣੇ ਆ ਜਾਣਗੇ।
ਪੰਜਾਬ ਵਿੱਚ ਅਕਾਲੀ ਦਲ-ਬੀਜੇਪੀ ਦੀ 10 ਸਾਲ ਸੱਤਾ ਰਹਿਣ ਕਰਕੇ ਇਸ ਵਾਰ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਜਿੱਤਣ ਲਈ ਉਮੀਦਵਾਰਾਂ ਵਿਚਾਲੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਚੋਣ ਪ੍ਰੋਗਰਾਮ ਅੁਨਸਾਰ ਵੋਟਾਂ ਸਵੇਰੇ ਅੱਠ ਵਜੇ ਪੈਣੀਆਂ ਸ਼ੁਰੂ ਹੋਈਆਂ ਤੇ ਸ਼ਾਮ ਚਾਰ ਵਜੇ ਤਕ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ। ਹੁਣ ਛੇਤੀ ਹੀ ਚੋਣ ਨਤੀਜੇ ਆ ਜਾਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13,276 ਪੰਚਾਇਤਾਂ ਵਿੱਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਂਝ ਸੂਬਾਈ ਚੋਣ ਕਮਿਸ਼ਨ ਕੋਲ ਇਸ ਗੱਲ ਦੀ ਸਹੀ ਜਾਣਕਾਰੀ ਨਹੀਂ ਕਿ ਸੂਬੇ ਵਿੱਚ ਕਿੰਨੀਆਂ ਪੰਚਾਇਤਾਂ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਈਆਂ ਹਨ। ਹਰੇਕ ਜ਼ਿਲ੍ਹੇ ਵਿੱਚ ਸਰਬਸੰਮਤੀ ਨਾਲ ਚੋਣਾਂ ਹੋਣ ਦੀਆਂ ਰਿਪੋਰਟਾਂ ਹਨ ਤੇ ਦੋ ਹਜ਼ਾਰ ਤੋਂ ਵੱਧ ਪੰਚਾਇਤਾਂ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਣ ਦੀਆਂ ਰਿਪੋਰਟਾਂ ਹਨ।
ਪੰਜਾਬ ਵਿੱਟ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿੱਚੋਂ 6688245 ਪੁਰਸ਼, 6066245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿੱਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੂਬੇ ਵਿੱਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।