ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਪੇਸ਼ੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਨਤਾਰ ਸਿੰਘ ਬਰਾੜ, ਲੁਧਿਆਣਾ ਦੇ ਸਾਬਕਾ ਏਸੀਪੀ ਪਰਮਜੀਤ ਸਿੰਘ ਪੰਨੂ, ਫਰੀਦਕੋਟ ਦੇ ਸਾਬਕਾ ਐਸਪੀ ਬਲਜੀਤ ਸਿੰਘ ਸਿੱਧੂ ਤੇ ਸਿਟੀ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਮੁਕੱਦਮੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ 12 ਜੁਲਾਈ ਨੂੰ ਨਿੱਜੀ ਤੌਰ ’ਤੇ ਅਦਾਲਤ ਸਾਹਮਣੇ ਪੇਸ਼ ਹੋਣ।


ਮਾਮਲੇ ਦੀ ਸੁਣਵਾਈ ਦੌਰਾਨ ਸ਼ਨੀਵਾਰ ਨੂੰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਚਲਾਨ ਪੇਸ਼ ਹੋਣ ਮਗਰੋਂ ਪਹਿਲੀ ਵਾਰ ਅਦਾਲਤ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਆਈਜੀ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਪੇਸ਼ ਹੋਏ ਚਲਾਨ ਦੀਆਂ ਨਕਲਾਂ ਸੌਂਪੀਆਂ ਜਦੋਂਕਿ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਸਿਹਤ ਖ਼ਰਾਬ ਹੋਣ ਕਾਰਨ ਨਿੱਜੀ ਪੇਸ਼ੀ ਤੋਂ ਛੋਟ ਮਿਲ ਗਈ।

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਮਨਤਾਰ ਸਿੰਘ ਬਰਾੜ ਤੇ ਬਾਕੀ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਵਿਸ਼ੇਸ਼ ਜਾਂਚ ਟੀਮ ਰਾਹੀਂ ਭੇਜਿਆ ਜਾਵੇ। ਵਿਸ਼ੇਸ਼ ਜਾਂਚ ਟੀਮ ਨੇ 27 ਮਈ ਨੂੰ ਅਦਾਲਤ ਵਿੱਚ 2000 ਸਫ਼ਿਆਂ ਦਾ ਚਲਾਨ ਪੇਸ਼ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਹੈ ਕਿ ਉਮਰਾਨੰਗਲ ਨੂੰ 13 ਅਕਤੂਬਰ, 2015 ਦੀ ਰਾਤ ਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਟਕਪੂਰੇ ਨਹੀਂ ਬੁਲਾਇਆ ਸੀ ਬਲਕਿ ਉਹ ਬਿਨਾਂ ਬੁਲਾਏ ਕੋਟਕਪੂਰੇ ਆਏ ਤੇ ਸ਼ਾਂਤਮਈ ਲੋਕਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਉਮਰਾਨੰਗਲ ਇਕਲੌਤੇ ਅਜਿਹੇ ਪੁਲਿਸ ਅਧਿਕਾਰੀ ਹਨ ਜਿਹੜੇ ਕੋਟਕਪੂਰਾ ਗੋਲੀ ਕਾਂਡ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ।

ਕਾਬਲੇਗੌਰ ਹੈ ਕਿ ਐਸਪੀ ਬਲਜੀਤ ਸਿੰਘ ਸਿੱਧੂ ਤੇ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਜ਼ਮਾਨਤ ਨਾ ਮਿਲਣ ਕਾਰਨ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਜਦੋਂਕਿ ਮਨਤਾਰ ਬਰਾੜ ਨੂੰ ਹਾਈਕੋਰਟ ਵਿੱਚੋਂ ਆਰਜ਼ੀ ਤੌਰ ‘ਤੇ ਪੇਸ਼ਗੀ ਜ਼ਮਾਨਤ ਮਿਲੀ ਹੋਈ ਹੈ ਤੇ ਉਹ ਅਜੇ ਤੱਕ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਇਸੇ ਤਰ੍ਹਾਂ ਲੁਧਿਆਣਾ ਦੇ ਏਸੀਪੀ ਪਰਮਜੀਤ ਸਿੰਘ ਪੰਨੂ ਨੂੰ ਵੀ ਸੈਸ਼ਨ ਕੋਰਟ ਫ਼ਰੀਦਕੋਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਪਰ ਉਹ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ ਜਿਸ ਕਰਕੇ ਅਦਾਲਤ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।