ਤਰਨ ਤਾਰਨ: ਜ਼ਿਲ੍ਹਾ ਪੁਲਿਸ ਨੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਪੰਜ ਬਦਮਾਸ਼ਾਂ ਨੂੰ ਕਾਬੂ ਕਾਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਗਰੋਹ ਦੇ ਮੈਂਬਰਾਂ ਕੋਲੋਂ 4 ਡਬਲ ਬੈਰਲ ਰਾਈਫਲਾਂ, ਦੋ 315 ਬੋਰ ਰਾਈਫਲਾਂ ਤੇ ਦੋ 32 ਬੋਰ ਦੇ ਪਿਸਟਲ ਬਰਾਮਦ ਕਰਨ ਤੋਂ ਇਲਾਵਾ 175 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਗਰੋਹ ਦੇ ਮੈਂਬਰਾਂ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਹਨ।
ਐਸਐਸਪੀ ਤਰਨ ਤਾਰਨ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ। ਇਹ ਬਦਮਾਸ਼ ਹਥਿਆਰਾਂ ਦੇ ਬਲ 'ਤੇ ਗੁੰਡਾਗਰਦੀ ਕਰਨ ਦੇ ਨਾਲ-ਨਾਲ ਹਥਿਆਰਾਂ ਦੀ ਤਸਕਰੀ ਤੇ ਹੋਰ ਅਪਰਾਧਕ ਘਟਨਾ ਨੂੰ ਅੰਜਾਮ ਦਿੰਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਇਹ ਬਦਮਾਸ਼ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੋਹ ਦੇ ਮੈਂਬਰ ਹਨ।
SSP ਤਰਨ ਤਾਰਨ ਧਰੁਵ ਧਹੀਆ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੋਹ ਦੇ ਪੰਜ ਮੈਂਬਰਾਂ ਜਗਰੋਸ਼ਨ ਸਿੰਘ ਵਾਸੀ ਕਲੇਰ, ਸੱਮਾ ਪਹਿਲਵਾਨ ਵਾਸੀ ਕੈਰੋਵਾਲ, ਲਵਜੀਤ ਸਿੰਘ ਵਾਸੀ ਰਸੂਲਪੁਰ, ਸੁਖਦੇਵ ਸਿੰਘ ਵਾਸੀ ਤਰਨ ਤਾਰਨ ਤੇ ਏਕਮ ਸਿੰਘ ਕਾਜੀਕੋਟ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 4 ਡਬਲ ਬੈਰਲ ਰਾਈਫਲਾਂ, ਦੋ 315 ਬੋਰ ਰਾਈਫਲ, ਦੋ 32 ਬੋਰ ਦੇ ਪਿਸਟਲ ਤੇ 175 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਹਨ।
ਐਸਐਸਪੀ ਨੇ ਦੱਸਿਆ ਕਿ ਗਰੋਹ ਦੇ ਪੰਜ ਹੋਰ ਮੈਂਬਰ ਅਜੇ ਫਰਾਰ ਹਨ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਾਬੂ ਕੀਤੇ ਬਦਮਾਸ਼ਾਂ ਦਾ ਪੇਸ਼ਾ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਗੁੰਡਾਗਰਦੀ ਕਰਨਾ, ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਲੋਕਾਂ ਨੂੰ ਧਮਕਾਉਣਾ, ਅੰਤਰ ਸਮੂਹਕ ਲੜਾਈਆਂ ਕਰਨੀਆਂ ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣਾ ਹੈ। ਰੋਸ਼ਨ ਹੁੰਢਾਲ ਤੇ ਪਹਿਲਾਂ ਵੀ ਕਿ ਅਪਰਾਧਿਕ ਮਾਮਲੇ ਦਰਜ ਹਨ।