ਪੜਚੋਲ ਕਰੋ
ਦੀਵਾਲੀ 'ਤੇ ਕਾਂਗਰਸ ਦਾ 'ਟੈਕਸ ਤੋਹਫ਼ਾ'

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨ-ਵਿਰੋਧੀ ਚਿਹਰਾ ਵਿਖਾਉਣ ਤੋਂ ਬਾਅਦ ਹੁਣ ਸ਼ਹਿਰਾਂ ਤੇ ਕਸਬਿਆਂ ਅੰਦਰ ਵਿਕਾਸ ਕਰਾਂ ਵਿੱਚ ਵਾਧਾ ਕਰਕੇ ਤੇ ਨਵੇਂ ਮਿਉਂਸੀਪਲ ਟੈਕਸ ਲਾ ਕੇ ਕਾਂਗਰਸ ਸਰਕਾਰ ਨੇ ਆਪਣਾ ਸ਼ਹਿਰ-ਵਿਰੋਧੀ ਚਿਹਰਾ ਵੀ ਸਾਰਿਆਂ ਨੂੰ ਵਿਖਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਬੁਲਾਰੇ ਐਨ.ਕੇ. ਸ਼ਰਮਾ ਨੇ ਸ਼ਹਿਰੀਆਂ ਉੱਤੇ ਲਾਏ ਨਵੇਂ ਟੈਕਸਾਂ ਨੂੰ 'ਦੀਵਾਲੀ ਦਾ ਤੋਹਫਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਸੱਟ ਵੱਜੇਗੀ ਤੇ ਉਸ ਦੀ ਆਰਥਿਕਤਾ ਉੱਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਨਾ ਸਿਰਫ ਨਗਰ ਕੌਂਸਲਾਂ ਦੀ ਹੱਦਬੰਦੀ ਅੰਦਰ ਰਹਿੰਦੇ ਆਮ ਲੋਕਾਂ ਉੱਤੇ ਬਿਜਲੀ ਬਿੱਲਾਂ ਦਾ ਦੋ ਫੀਸਦ ਟੈਕਸ ਲਾ ਕੇ ਨਵਾਂ ਬੋਝ ਪਾ ਦਿੱਤਾ ਗਿਆ ਹੈ, ਸਗੋਂ ਬਾਹਰੀ ਵਿਕਾਸ ਕਰ, ਸੜਕ ਕੱਢਣ ਦਾ ਟੈਕਸ ਸਮੇਤ ਨਗਰ ਕੌਂਸਲਾਂ ਵੱਲੋਂ ਦਿੱਤੀਆਂ ਜਾ ਰਹੀਆਂ ਬਾਕੀ ਸਹੂਲਤਾਂ ਉੱਤੇ ਵੀ ਟੈਕਸਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੇ ਵਿਕਾਸ ਮਾਡਲ ਉੱਤੇ ਸੁਆਲ ਉਠਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਲੋਕਾਂ ਨੂੰ ਦੱਸੇ ਕਿ ਪਿਛਲੇ 7 ਮਹੀਨਿਆਂ ਵਿਚ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਲਈ ਉਹ ਇੱਕ ਵੀ ਪ੍ਰਾਜੈਕਟ ਕਿਉਂ ਨਹੀਂ ਲੈ ਕੇ ਆਇਆ? ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੰਤਰੀ ਵਜੋਂ ਆਪਣੇ ਫਰਜ਼ ਨਿਭਾਉਣ ਵਿਚ ਨਾਕਾਮ ਹੁੰਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਗੁੱਸਾ ਆਮ ਲੋਕਾਂ ਉੱਤੇ ਵਾਧੂ ਟੈਕਸ ਲਾ ਕੇ ਕੱਢੋ। ਜੇਕਰ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾ ਸਕਦੇ ਤਾਂ ਇਹ ਅਹੁਦਾ ਛੱਡ ਕੇ ਦੁਬਾਰਾ ਕਾਮੇਡੀ ਸ਼ੋਅ ਕਰਨਾ ਸ਼ੁਰੂ ਕਰ ਦਿਓ। ਲੋਕਾਂ ਦੀ ਸੇਵਾ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨੂੰ ਸਮਝਣਾ ਵੀ ਤੁਹਾਡੇ ਲਈ ਮੁਸ਼ਕਲ ਹੈ।
ਹੋਰ ਪੜ੍ਹੋ























