ਜਲੰਧਰ : ਤਰਨਤਰਨ ਦੇ ਕਸਬਾ ਪੱਟੀ ਦੇ ਪਿੰਡ ਠੱਕਰਪੁਰਾ ਵਿਖੇ ਸਥਿਤ ਚਰਚ ਵਿਚ ਹੋਈ ਭੰਨਤੋੜ ਅਤੇ ਬੇਅਦਬੀ ਨੂੰ ਲੈ ਕੇ ਈਸਾਈ ਭਾਈਚਾਰੇ ਦਾ ਗੁੱਸਾ ਵਧਦਾ ਜਾ ਰਿਹਾ ਹੈ। ਉਹ ਸਿਰਫ਼ ਇੱਕ ਹੀ ਮੰਗ ਕਰ ਰਿਹਾ ਹੈ ਕਿ ਇਸ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਕਾਰਨ ਅੱਜ ਈਸਾਈ ਭਾਈਚਾਰੇ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਲੰਧਰ ਦੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਪਾਦਰੀ ਸੋਨਾਵਰ ਭੱਟੀ ਨੇ ਕਿਹਾ ਕਿ ਤਰਨਤਾਰਨ ਵਿੱਚ ਚਰਚ ਦੇ ਅੰਦਰ ਹੋਈ ਮੂਰਤੀਆਂ ਦੀ ਭੰਨਤੋੜ ਅਤੇ ਬੇਅਦਬੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉੱਥੇ ਕਿਹੜੇ ਲੋਕ ਭੰਨਤੋੜ ਕਰ ਰਹੇ ਹਨ। ਉਨ੍ਹਾਂ ਦੀ ਪਛਾਣ ਵੀ ਹੋ ਗਈ ਹੈ ਪਰ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਇਸ ਸਬੰਧੀ ਉਨ੍ਹਾਂ ਜਲੰਧਰ ਦੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ ਰਾਹੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੇਕਰ ਸਰਕਾਰ ਨੇ ਇੱਕ ਹਫ਼ਤੇ ਵਿੱਚ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰਨਗੇ। ਇਸ ਦੇ ਨਾਲ ਹੀ ਏ.ਡੀ.ਸੀ ਨੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਠੱਕਰਪੁਰਾ ਵਿੱਚ ਸਥਿਤ ਕ੍ਰਿਸ਼ਚਨ ਭਾਈਚਾਰੇ ਦੀ ਕੈਥੋਲਿਕ ਚਰਚ ਵਿੱਚ ਮੂਰਤੀਆਂ ਦੀ ਭੰਨ ਤੋੜ ਕਰਕੇ ਬੇਅਦਬੀ ਕਰਨ ਦਾ ਮਾਮਲੇ ਦੀ ਜਾਂਚ ਜਾਰੀ ਹੈ। ਇਸ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ ਤਫ਼ਤੀਸ਼ ਕਰ ਰਹੀ ਹੈ। ਕੱਲ੍ਹ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਇਸ SIT ਨਾਲ ਮੁਲਾਕਾਤ ਕੀਤੀ ਅਤੇ ਘਟਨਾ ਵਾਲੀ ਥਾਂ ਦਾ ਦੌਰਾ ਵੀ ਕੀਤਾ।
ਦੱਸ ਦੇਈਏ ਕਿ 30 ਅਗਸਤ ਦੀ ਰਾਤ ਨੂੰ ਤਰਨਤਰਨ ਦੇ ਕਸਬਾ ਪੱਟੀ ਦੇ ਪਿੰਡ ਠੱਕਰਪੁਰਾ ਵਿਖੇ ਸਥਿਤ ਚਰਚ ਵਿਚ ਦੇਰ ਰਾਤ ਕੁਝ ਲੋਕਾਂ ਨੇ ਭੰਨਤੋੜ ਕੀਤੀ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਅੰਦਰ ਖੜ੍ਹੀ ਇਕ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਸ਼ਰਾਰਤੀ ਅਨਸਰ ਚਰਚ 'ਚ ਦਾਖਲ ਹੋ ਕੇ ਮਾਂ ਮਰੀਅਮ ਦੀ ਮੂਰਤੀ ਦਾ ਸਿਰ ਤੋੜ ਕੇ ਨਾਲ ਲੈ ਗਏ ਅਤੇ ਪ੍ਰਭੂ ਯਿਸੂ ਮਸੀਹ ਦੀ ਮੂਰਤੀ ਦੀ ਭੰਨਤੋੜ ਕੀਤੀ। ਇਹ ਸਾਰੀ ਘਟਨਾ ਚਰਚ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ।
ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ 'ਚ ਕਾਫ਼ੀ ਜ਼ਿਆਦਾ ਰੋਸ ਪਾਇਆ ਗਿਆ ਅਤੇ ਉਨ੍ਹਾਂ ਪੱਟੀ ਚੌਂਕ ਨੂੰ ਜਾਮ ਕਰ ਦਿੱਤਾ। ਹਾਲਾਂਕਿ ਪ੍ਰਸ਼ਾਸਨ ਦੇ ਭਰੋਸਾ ਦੇਣ ਮਗਰੋਂ ਧਰਨਾ ਚੁੱਕ ਲਿਆ ਗਿਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।ਪੁਲਿਸ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ।