ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਉੱਪਰ ਹਰਿਆਣਾ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਵਿਰੋਧੀ ਧਿਰਾਂ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣਾ ਸਰਕਾਰ ਲਈ ਔਖਾ ਹੋ ਗਿਆ ਹੈ। ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ 5 ਸਵਾਲ ਪੁੱਛੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਆਖਰ ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ।


ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ 5 ਅਜਿਹੇ ਸਵਾਲ ਪੁੱਛੇ ਹਨ ਕਿ ਉਨ੍ਹਾਂ ਦਾ ਉੱਤਰ ਦੇਣਾ ਸਰਕਾਰ ਲਈ ਔਖਾ ਹੋ ਗਿਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਕੀ ਰਾਮ ਰਹੀਮ ਨੂੰ ਪੈਰੋਲ ਕੋਰਟ ਨੇ ਦਿੱਤੀ ਹੈ? ਜੇਕਰ ਹਾਂ, ਤਾਂ ਇਹ ਕਿਸ ਅਦਾਲਤ ਨੇ ਦਿੱਤੀ ਹੈ? ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ? ਕੀ ਪੈਰੋਲ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ? ਪੈਰੋਲ ਬਹੁਤ ਜ਼ਰੂਰੀ ਕਾਰਨਾਂ ਕਰਕੇ ਹੀ ਦਿੱਤੀ ਜਾਂਦੀ ਹੈ। ਰਾਮ ਰਹੀਮ ਨੂੰ ਕਿਹੜਾ ਜ਼ਰੂਰੀ ਕੰਮ ਹੈ? ਉਸ ਦੇ ਸਤਿਸੰਗ ਵਿੱਚ ਗਏ ਸਰਕਾਰੀ ਲੋਕਾਂ ਖਿਲਾਫ ਕੀ ਕਾਰਵਾਈ ਹੋਵੇਗੀ? ਕੀ ਸਰਕਾਰ ਬਾਬੇ ਨੂੰ ਚੰਗੇ ਆਚਰਣ ਵਾਲਾ ਕੈਦੀ ਸਮਝਦੀ ਸੀ?