CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬੀਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਲਈ ਸਿਹਤ ਬਜਟ ਵੱਡਾ ਰੱਖਿਆ ਜਾਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਹੈ ਕਿ ਕਮਿਊਨਟੀ ਸੈਂਟਰਾਂ ਨੂੰ ਰੈਫਰਲ ਸੈਂਟਰ ਨਹੀਂ ਬਣਨ ਦੇਵਾਂਗੇ। ਇਨ੍ਹਾਂ ਨੂੰ ਹੀ ਹਰ ਆਧੁਨਿਕ ਉਪਕਰਣ ਮੁਹੱਈਆ ਕਰਵਾਏ ਜਾਣਗੇ। 


 






ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਉਪਕਰਣਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਪੀਜੀਆਈ ਵਰਗੇ ਹਸਪਤਾਲਾਂ 'ਤੇ ਬੋਝ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਹਸਪਤਾਲਾਂ ਵਿੱਚ ਹੋਣ ਵਾਲੀ ਖੱਜਲ-ਖ਼ੁਆਰੀ ਤੋਂ ਨਿਜਾਤ ਦਿਵਾਉਣਾ ਹੈ।


 


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣਾ ਸਮੇਂ ਦੀ ਲੋੜ ਹੈ ਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਸਰਕਾਰ ਹਰ ਪੱਧਰ ’ਤੇ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਨੇ ਸ਼ਨੀਵਾਰ ਅਚਾਨਕ ਕੌਮੀ ਮਾਰਗ ’ਤੇ ਸਥਿਤ ਕੁਰਾਲੀ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੇਠਲੇ ਪੱਧਰ ’ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। 


ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਵਿਅਕਤੀ ਤੱਕ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ 26 ਜਨਵਰੀ ਤੋਂ 400 ਹੋਰ ਨਵੇਂ ਮੁਹੱਲਾ ਕਲੀਨਿਕ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਦਕਿ 100 ਮੁਹੱਲਾ ਕਲੀਨਿਕ ਪਹਿਲਾਂ ਹੀ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਦੁਨੀਆ ਭਰ ਵਿੱਚ ਹੋ ਰਿਹਾ ਹੈ। ਉਨ੍ਹਾਂ ਪੰਜਾਬ ਦੇ ਮੁਹੱਲਾ ਕਲੀਨਿਕਾਂ ਨੂੰ ਦਿੱਲੀ ਤੋਂ ਵੀ ਵਧੀਆ ਬਣਾਉਣ ਦਾ ਭਰੋਸਾ ਦਿੱਤਾ।


ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਹਰ ਕਸਬੇ ਤੇ ਸ਼ਹਿਰ ਦੇ ਹਸਪਤਾਲ ਨੂੰ ਵਧੇਰੇ ਸਹੂਲਤਾਂ ਨਾਲ ਲੈੱਸ ਕੀਤਾ ਜਾਵੇਗਾ ਅਤੇ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਨੂੰ ਰੈਫਰਲ ਹਸਪਤਾਲ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ। 


ਸਥਾਨਕ ਹਸਪਤਾਲ ਵਿੱਚ ਡਿਊਟੀ ’ਤੇ ਹਾਜ਼ਰ ਡਾ. ਪਰਮਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਹਸਪਤਾਲ ਵਿੱਚ ਪੈਰਾ ਮੈਡੀਕਲ ਸਟਾਫ ਦੀ ਘਾਟ, ਖਸਤਾ ਹਾਲ ਇਮਾਰਤ, ਨਿਕਾਸੀ ਪ੍ਰਬੰਧ ਤੇ ਬਾਰਿਸ਼ ਦਾ ਪਾਣੀ ਹਸਪਤਾਲ ਵਿੱਚ ਦਾਖ਼ਲ ਹੋਣ ਬਾਰੇ ਦੱਸਿਆ। ਮੁੱਖ ਮੰਤਰੀ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕੁਰਾਲੀ ਦੇ ਹਸਪਤਾਲ ਨੂੰ ਸਮੇਂ ਦਾ ਹਾਣੀ ਬਣਾ ਕੇ ਇਮਾਰਤ ਦੀ ਹਾਲਤ ਸੁਧਾਰਨ ਅਤੇ ਸਟਾਫ਼ ਦੀ ਘਾਟ ਪੂਰੀ ਕਰਨ ਦਾ ਵਾਅਦਾ ਕੀਤਾ।