Punjab News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਉੱਪਰ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਵਿਸਾਖੀ ਤੋਂ ਪਹਿਲਾਂ ਤਲਵੰਡੀ ਸਾਬੋ ਤੇ ਬਠਿੰਡਾ ਜ਼ਿਲ੍ਹੇ ਦੇ ਹੋਰਨਾਂ ਇਲਾਕਿਆਂ ਵਿੱਚ ਸੁਰੱਖਿਆ ਵਧਾ ਕੇ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ। 


ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰਕੇ ਐਤਕੀਂ ਵਿਸਾਖੀ ਤੋਂ ਪਹਿਲਾਂ ਆਮ ਨਾਲੋਂ ਘੱਟ ਸੰਗਤ ਤਖ਼ਤ ਦਮਦਮਾ ਸਾਹਿਬ ਪੁੱਜ ਰਹੀ ਹੈ। ਜਥੇਦਾਰ ਨੇ ਕਿਹਾ, ‘‘ਹਰ ਸਾਲ ਵਿਸਾਖੀ ਤੋਂ ਪਹਿਲਾਂ 5 ਅਪਰੈਲ ਤੋਂ ਸੰਗਤਾਂ ਦਾ ਵੱਡਾ ਇਕੱਠ ਨਜ਼ਰ ਆਉਣ ਲੱਗਦਾ ਹੈ, ਪਰ ਮੌਜੂਦਾ ਸਮੇਂ ਸੰਗਤਾਂ ਦੀ ਗਿਣਤੀ ਘੱਟ ਕੇ ਮਹਿਜ਼ 10 ਫੀਸਦ ਰਹਿ ਗਈ ਹੈ ਜਿਸ ਦੀ ਵਜ੍ਹਾ ਸਰਕਾਰ ਵੱਲੋਂ ਬਣਾਇਆ ਦਹਿਸ਼ਤ ਦਾ ਮਾਹੌਲ ਹੈ।’’ 



ਜਥੇਦਾਰ ਨੇ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ, ‘‘ਪਹਿਲਾਂ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਇਥੇ ਆਤਮ-ਸਮਰਪਣ ਕਰੇਗਾ। ਹੁਣ ਉਹ ਇਹ ਕਹਿਣ ਲੱਗੇ ਹਨ ਕਿ ਉਹ ਵਿਸਾਖੀ ਵਾਲੇ ਦਿਨ ਆਤਮ-ਸਮਰਪਣ ਕਰੇਗਾ...ਉਸ ਦੇ ਨਾਂ ’ਤੇ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੂੰ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।’’ ਜਥੇਦਾਰ ਨੇ ਕਿਹਾ ਕਿ ਜਦੋਂ ਅਜਿਹਾ ਮਾਹੌਲ ਸਿਰਜਿਆ ਜਾਂਦਾ ਹੈ, ਇਹ ਨਾ ਸਿਰਫ਼ ਪੰਜਾਬੀਆਂ ਤੇ ਪੰਜਾਬ ਦੇ ਅਕਸ ਨੂੰ ਬਲਕਿ ਪੰਜਾਬ ਸਰਕਾਰ ਨੂੰ ਵੀ ਢਾਹ ਲਾਉਂਦਾ ਹੈ। ਘੱਟੋ-ਘੱਟ ਆਪਣਾ ਅਕਸ ਤਾਂ ਬਚਾਅ ਲਵੋ।’’


ਜਥੇਦਾਰ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਕੇ ਉਨ੍ਹਾਂ ਨੂੰ ਡਿਊਟੀ ’ਤੇ ਪਰਤਣ ਲਈ ਕਿਹਾ ਜਾ ਰਿਹੈ। ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰਿਆਂ ਨੂੰ ਦਮਦਮਾ ਸਾਹਿਬ ਭੇਜਿਆ ਜਾ ਰਿਹੈ। ਇਥੇ ਕੀ ਹੋਣ ਜਾ ਰਿਹੈ?’’ ਜਥੇਦਾਰ ਨੇ ਕਿਹਾ ਕਿ ਵਿਸਾਖੀ ਮੌਕੇ 10 ਤੋਂ 15 ਲੱਖ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਇਥੇ ਇਕੱਤਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਕੱਢੇ ਝੰਡਾ ਮਾਰਚ ਦੌਰਾਨ ਸ਼ਹਿਰ ਦੇ ਚੱਪੇ ਚੱਪੇ ’ਤੇ ਪੁਲਿਸ ਤਾਇਨਾਤ ਸੀ, ਖ਼ਤਰਨਾਕ ਹਾਲਾਤ ਦੱਸ ਕੇ ਕੁਝ ਹੋਰ ਹੀ ਤਸਵੀਰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ...ਇਹ ਬਹੁਤ ਮੰਦਭਾਗਾ ਹੈ।’’ ਜਥੇਦਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਿਸਾਖੀ ਦੇ ਤਿਓਹਾਰ ਲਈ ਵੱਡੀ ਗਿਣਤੀ ਵਿੱਚ ਦਮਦਮਾ ਸਾਹਿਬ ਪੁੱਜਣ।


ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਵੱਲੋਂ ਸਿੱਖ ਰਾਜ ਦੇ ਝੰਡਿਆਂ ਨੂੰ ਖਾਲਿਸਤਾਨੀ ਝੰਡੇ ਦੱਸਣ ਖਿਲਾਫ਼ ਸ਼ਿਕਾਇਤ ਦਰਜ ਕਰੇ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ, ਪਰ ਉਸ ਨੇ ਇਸ ਪਾਸੇ ਕੋਈ ਅਰਥਪੂਰਨ ਕਾਰਵਾਈ ਨਹੀਂ ਕੀਤੀ।