Punjab News: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੂਰਾ ਨਵੰਬਰ ਮਹੀਨਾ ‘ਪੰਜਾਬੀ ਮਾਹ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਮਹੀਨਾ ਭਰ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਰਾਜ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾਣਗੇ। ਇਹ ਜਾਣਕਾਰੀ ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੂਰਾ ਨਵੰਬਰ ਮਹੀਨਾ ‘ਪੰਜਾਬੀ ਮਾਹ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਮਹੀਨਾ ਭਰ ਸੂਬੇ ’ਚ ਵੱਖ-ਵੱਖ ਥਾਵਾਂ ’ਤੇ ਰਾਜ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾਣਗੇ। ਮੀਤ ਹੇਅਰ ਨੇ ਕਿਹਾ ਕਿ ਪੰਜਾਬੀ ਮਾਹ ਦੀ ਸ਼ੁਰੂਆਤ ਪਹਿਲੀ ਨਵੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿੱਚ ਰਾਜ ਪੱਧਰੀ ਸਮਾਗਮ ਰਾਹੀਂ ਹੋਵੇਗੀ ਤੇ 30 ਨਵੰਬਰ ਨੂੰ ਸਮਾਪਤੀ ਸਮਾਰੋਹ ਹੋਵੇਗਾ। ਮਹੀਨੇ ਦੌਰਾਨ ਸੱਤ ਰਾਜ ਪੱਧਰੀ ਤੇ ਬਾਕੀ ਜ਼ਿਲ੍ਹਾ ਪੱਧਰੀ ਸਮਾਗਮ ਹੋਣਗੇ ਤੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ ਇਕ ਸਮਾਗਮ ਹੋਵੇਗਾ।
ਹਾਸਲ ਜਾਣਕਾਰੀ ਮੁਤਾਬਿਕ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਲਈ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਵੱਲੋਂ ਪੰਜਾਬ ਭਵਨ ਵਿੱਚ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਸਰਵੋਤਮ ਪੰਜਾਬੀ ਪੁਰਸਕਾਰ ਵੀ ਵੰਡੇ ਜਾਣਗੇ। ਭਾਸ਼ਾ ਵਿਭਾਗ ਦੀ ਜੁਆਇੰਟ ਡਾਇਰੈਕਟਰ ਵੀਰਪਾਲ ਕੌਰ ਨੇ ਦੱਸਿਆ ਕਿ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਲੇਖਣ ਮਿਲਣੀ, ਕਵੀ ਦਰਬਾਰ, ਪੁਆਧੀ ਕਵੀ ਦਰਬਾਰ, ਪ੍ਰੰਪਰਾਗਤ ਲੋਕ ਗਾਇਕੀ ਸਮਾਗਮ ਕਰਵਾਏ ਜਾਣਗੇ।
ਬਾਬਾ ਸ਼ੇਖ ਫਰੀਦ ਨੂੰ ਸਮਰਪਿਤ, ਵਾਰਿਸ਼ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਦਿਹਾੜੇ, ਨਾਵਲਕਾਰ ਨਾਨਕ ਸਿੰਘ ਦੀ 125 ਸਾਲਾ ਜਨਮ ਦਿਹਾੜੇ, ਸਾਹਿਤ ਰਤਨ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਸਮਾਗਮ ਵੀ ਕਰਵਾਏ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।