ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਧਦੀ ਲੋਕਪ੍ਰਿਅਤਾ ਨੇ ਭਾਜਪਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਜਿਸ ਕਾਰਨ ਉਹ ‘ਆਪ’ ਆਗੂਆਂ ਨੂੰ ਰੋਕਣ ਲਈ ਸੀਬੀਆਈ ਦੀ ਦੁਰਵਰਤੋਂ ਤੱਕ ਕਰ ਰਹੀ ਹੈ। 


ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਨੂੰ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ 2024 ਦੀਆਂ ਅਗਲੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ (Modi Vs Kejriwal) ਵਿਚਾਲੇ ਹੋਣਗੀਆਂ। ਇਸ ਲਈ ਉਹ ਕਿਸੇ ਵੀ ਕੀਮਤ 'ਤੇ ਕੇਜਰੀਵਾਲ ਨੂੰ ਰੋਕਣਾ ਚਾਹੁੰਦੇ ਹਨ।


ਕੰਗ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ 'ਤੇ ਸੀਬੀਆਈ ਦੇ ਛਾਪੇ ਕਰਵਾਉਣ ਲਈ ਕੇਂਦਰ 'ਤੇ ਵਰ੍ਹਦਿਆਂ ਕਿਹਾ, "ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਸੀਬੀਆਈ ਦੇ ਛਾਪਿਆਂ ਤੋਂ ਡਰਦੇ ਨਹੀਂ ਹਾਂ। ਦੇਸ਼ ਭਰ ਦੇ ਲੋਕ ਕੇਜਰੀਵਾਲ ਨੂੰ ਮੋਦੀ ਦੇ ਬਦਲ ਵਜੋਂ ਦੇਖ ਰਹੇ ਹਨ ਅਤੇ ਭਾਜਪਾ ਕੇਜਰੀਵਾਲ ਦੇ ਵਧਦੇ ਸਿਆਸੀ ਕੱਦ ਤੋਂ ਘਬਰਾਈ ਹੋਈ ਹੈ।" 


ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਿੱਲੀ ਮਾਡਲ 'ਤੇ ਨਿਊਯਾਰਕ ਟਾਈਮਜ਼ ਦੁਆਰਾ ਫਰੰਟ ਪੇਜ ਦੀ ਕਵਰੇਜ ਨੂੰ ਫਰਜ਼ੀ ਖ਼ਬਰ ਕਹਿ ਰਹੇ ਹਨ, ਹਾਲਾਂਕਿ, ਅਖਬਾਰ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਇਹ ਸੁਤੰਤਰ, ਨਿਰਪੱਖ ਅਤੇ ਜ਼ਮੀਨੀ ਰਿਪੋਰਟਿੰਗ ਰਾਹੀਂ ਤਿਆਰ ਕੀਤੀ ਖ਼ਬਰ ਹੈ। ਨਿਊਯਾਰਕ ਟਾਈਮਜ਼ ਨੇ ਭਾਜਪਾ ਅਤੇ ਵਿਰੋਧੀ ਧਿਰ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਇਹ ਖ਼ਬਰ ਇੱਕ ਇਸ਼ਤਿਹਾਰ ਸੀ ਅਤੇ ਸਪੱਸ਼ਟ ਕੀਤਾ ਕਿ ਦਿੱਲੀ ਸਿੱਖਿਆ ਮਾਡਲ ਬਾਰੇ ਲੇਖ ਉਸ ਦੇ ਸਟਾਫ ਦੀਆਂ ਜ਼ਮੀਨੀ ਰਿਪੋਰਟਾਂ 'ਤੇ ਅਧਾਰਤ ਸੀ। ਪਰ ਵਿਰੋਧੀ ਧਿਰ ਅਜੇ ਵੀ ‘ਆਪ’ ਨੂੰ ਝੂਠਾ ਪ੍ਰਚਾਰ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਭਾਰਤ ਨੂੰ ਵਿਸ਼ਵ ਵਿੱਚ ਨੰਬਰ 1 ਰਾਸ਼ਟਰ ਬਣਾਉਣ ਦੇ ਇੱਕ ਕੌਮੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਅਤੇ ਦਿੱਲੀ ਮਾਡਲ ਨੂੰ ਵੀ ਵਿਸ਼ਵ ਭਰ ਵਿੱਚ ਮਾਨਤਾ ਮਿਲ ਰਹੀ ਹੈ। ਇਸ ਕਾਰਨ ਮੋਦੀ ਸਰਕਾਰ ‘ਆਪ’ ਦੇ ਸਿਹਤ ਅਤੇ ਸਿੱਖਿਆ ਮਾਡਲ ਨੂੰ ਤਬਾਹ ਕਰਨਾ ਚਾਹੁੰਦੀ ਹੈ। 


ਕੰਗ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਦੇ ਛਾਪੇ ਅਰਵਿੰਦ ਕੇਜਰੀਵਾਲ ਦੇ 'ਮੇਕ ਇੰਡੀਆ ਨੰਬਰ 1' ਮਿਸ਼ਨ ਨੂੰ ਨਹੀਂ ਰੋਕ ਸਕਦੇ। ਉਨ੍ਹਾਂ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ‘ਆਪ’ ਸਰਕਾਰ ਨੂੰ ਬਦਨਾਮ ਕਰਨ ਲਈ ਭਾਜਪਾ ਸਰਕਾਰ ਦਾ 'ਪੋਲਿਟੀਕਲ ਪ੍ਰੋਪੇਗੰਡਾ' ਕਰਾਰ ਦਿੱਤਾ।