ਜਲੰਧਰ: ਲੁਟੇਰਿਆਂ ਨੇ ਪੰਜਾਬ ਪੁਲਿਸ ਦੇ ਏਆਈਜੀ ਦੀ ਮਾਂ ਦਾ ਕਤਲ ਕਰ ਦਿੱਤਾ। ਬਜ਼ੁਰਗ ਸ਼ੀਲਾ ਰਾਣੀ ਦਾ ਇੱਕ ਪੁੱਤਰ ਪੀਏਪੀ ਜਲੰਧਰ ਵਿੱਚ ਅਸਿਸਟੈਂਟ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਹੈ ਤੇ ਦੂਜਾ ਪੁੱਤਰ ਹੁਸ਼ਿਆਰਪੁਰ ਵਿੱਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾਅ ਰਿਹਾ ਹੈ। ਲਗਪਗ 77 ਸਾਲ ਦੀ ਸ਼ੀਲਾ ਰਾਣੀ ਦਾ ਪਤੀ ਰੌਸ਼ਨ ਲਾਲ 1987 ਵਿੱਚ ਅੱਤਵਾਦੀਆਂ ਦੇ ਹੱਥੋਂ ਸ਼ਹੀਦ ਹੋ ਚੁੱਕਿਆ ਹੈ।

ਜਾਣਕਾਰੀ ਮੁਤਾਬਕ ਬਜ਼ੁਰਗ ਸ਼ੀਲਾ ਰਾਣੀ ਕੱਲ੍ਹ ਰਾਤ ਆਪਣੇ ਘਰ ਵਿੱਚ ਇਕੱਲੀ ਸੁੱਤੀ ਹੋਈ ਸੀ। ਅੱਜ ਦੁਪਹਿਰੇ ਜਦੋਂ ਉਸ ਦੀ ਧੀ ਪਤਾ ਲੈਣ ਆਈ ਤਾਂ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਿਆ। ਉਹ ਨਾਲ ਦੇ ਘਰ ਦੀ ਛੱਤ ਤੋਂ ਘਰ ਅੰਦਰ ਦਾਖ਼ਲ ਹੋਈ ਤਾਂ ਵੇਖਿਆ ਕਿ ਸ਼ੀਲਾ ਰਾਣੀ ਦੀ ਲਾਸ਼ ਪਈ ਹੋਈ ਸੀ। ਸ਼ੀਲਾ ਰਾਣੀ ਦੇ ਹੱਥ ਦੀਆਂ ਚੂੜੀਆਂ ਤੇ ਵਾਲੀਆਂ ਵੀ ਗਾਇਬ ਸਨ।

ਹੁਸ਼ਿਆਰਪੁਰ ਵਿੱਚ ਤਾਇਨਾਤ ਸ਼ੀਲਾ ਰਾਣੀ ਦਾ ਬੇਟਾ ਵੀ ਦਕੋਹਾ ਇਲਾਕੇ ਵਿੱਚ ਹੀ ਰਹਿੰਦਾ ਹੈ। ਸ਼ੀਲਾ ਰਾਣੀ ਕਦੇ ਆਪਣੇ ਪੁੱਤਰ ਨਾਲ ਤੇ ਕਦੇ ਆਪਣੇ ਜੱਦੀ ਘਰ ਵਿੱਚ ਰਹਿੰਦੀ ਸੀ। ਕੱਲ੍ਹ ਰਾਤ ਉਹ ਆਪਣੇ ਘਰ ਹੀ ਆ ਕੇ ਹੀ ਸੌਂ ਗਈ ਸੀ ਜਿੱਥੇ ਲੁਟੇਰਿਆਂ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਸਰੀਨ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।