ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਓਕਾਫ ਬੋਰਡ ਚਾਹੁੰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨਨਕਾਣਾ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਓਕਾਫ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਸੀ, ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਇੱਥੇ ਸਥਾਪਤ ਕੀਤਾ ਜਾਵੇ ਤੇ ਸਿੱਖ ਪੰਥ ਨਾਲ ਸਬੰਧਤ ਫੈਸਲੇ ਇੱਥੇ ਲਏ ਜਾਣ।
ਜੀਕੇ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਨਹੀਂ ਸਵੀਕਾਰਿਆ ਤੇ ਉਨ੍ਹਾਂ ਨੂੰ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਤ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਨਹੀਂ ਬਦਲ ਸਕਦੇ। ਜੀਕੇ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮਨਾਉਣ ਦੀਆਂ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਆਏ ਸੀ।
ਉਨ੍ਹਾਂ ਕਿਹਾਕ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮਨਾਉਣ ਸ਼ੁਰੂਆਤ 10 ਤੇ 11 ਨਵੰਬਰ ਨੂੰ ਡੇਰਾ ਬਾਬਾ ਨਾਨਕ ਤੋਂ ਕੀਤੀ ਜਾਵੇਗੀ। ਪ੍ਰਕਾਸ਼ ਪੂਰਬ ਦੇ ਸਮਾਗਮਾਂ ਸਬੰਧੀ 12 ਅਕਤੂਬਰ ਨੂੰ ਸਮੂਹ ਸਿੱਖ ਸੰਗਠਨਾਂ ਦੀ ਅੰਮ੍ਰਿਤਸਰ 'ਚ ਬੈਠਕ ਕੀਤੀ ਜਾਵੇਗੀ। ਇਸ ਤੋਂ ਇਲਾਵਾ 21 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ 'ਚ ਵਿਦੇਸ਼ਾਂ ਵਿੱਚੋਂ ਵੀ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਵੱਲੋਂ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ। ਇਸ ਮੌਕੇ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਦੋਵਾਂ ਦੇਸ਼ਾਂ 'ਚ ਵਿਦੇਸ਼ ਮੰਤਰਾਲੇ ਪੱਧਰ ਦੀ ਗੱਲਬਾਤ ਹੋਣੀ ਚਾਹੀਦੀ ਹੈ।