ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਾਅਦੇ ਮੁਤਾਬਕ ਅੱਜ ਪਾਕਿਸਤਾਨੀ ਪ੍ਰਧਾਨ ਮੰਤਰੀ ਨਿਵਾਸ ਵਿੱਚ 100 ਤੋਂ ਵੱਧ ਲਗਜ਼ਰੀ ਗੱਡੀਆਂ ਦੀ ਨਿਲਾਮੀ ਚੱਲ ਰਹੀ ਹੈ। ਰਿਪੋਰਟਾਂ ਮੁਤਾਬਕ ਨਿਲਾਮੀ ਦੌਰਾਨ ਹੁਣ ਤਕ 10 ਕਾਰਾਂ ਵੇਚੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕੁਝ ਦੀ ਵਿਕਰੀ ’ਤੇ ਮੋਟੀ ਰਕਮ ਵਸੂਲੀ ਗਈ ਹੈ। ਦੱਸਿਆ ਜਾਂਦਾ ਹੈ ਕਿ ਕੁੱਲ 102 ਕਾਰਾਂ ਵਿੱਚੋਂ 7 ਕਾਰਾਂ ਬੁਲਿਟ ਪਰੂਫ ਹਨ।

ਇਸ ਤੋਂ ਪਹਿਲਾਂ ਪਹਿਲੀ ਸਤੰਬਰ ਨੂੰ ਸਰਕਾਰ ਨੇ ਬਚਤ ਕਰਨ ਲਈ ਤੁਰੰਤ ਸਰਕਾਰੀ ਕਾਰਾਂ ਦਾ ਬੇੜਾ ਨਿਲਾਮ ਕਰਨ ਦਾ ਫੈਸਲਾ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਜਨਤਕ ਖ਼ਰਚ ਘੱਟ ਕਰਨ ਲਈ ਗੱਡੀਆਂ ਦੀ ਨਿਲਾਮੀ ਲਈ 33 ਗੱਡੀਆਂ ਇਕੱਠੀਆਂ ਭੇਜੀਆਂ ਹਨ। ਨਿਲਾਮੀ ਵਿੱਚ 8 ਲਗਜ਼ਰੀ BMW ਕਾਰਾਂ ਤੇ ਮਰਸਡੀਜ਼ ਬੈਂਜ਼ ਵਾਹਨਾਂ ਦੇ ਚਾਰ ਨਵੇਂ ਮਾਡਲ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ 16 ਟੋਇਟਾ ਕੋਰੋਲਾ, ਤਿੰਨ ਸੁਜ਼ੂਕੀ ਕਾਰਾਂ ਤੇ ਇਕ ਐਚਟੀਵੀ ਵਾਹਨ ਸ਼ਾਮਲ ਹੈ।

ਸੂਤਰਾਂ ਨੇ ਦੱਸਿਆ ਕਿ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਨ ਲਈ ਬਾਕੀ ਕਾਰਾਂ ਨੂੰ ਕੈਬਨਿਟ ਦੇ ਕੰਟਰੋਲ ਹੇਠ ਰੱਖਿਆ ਗਿਆ ਹੈ। ਇਮਰਾਨ ਖ਼ਾਨ ਪਹਿਲਾਂ ਹੀ ਆਪਣੇ ਬਾਨੀ ਗਾਲਾ ਨਿਵਾਸ ਤੋਂ ਪ੍ਰਧਾਨ ਮੰਤਰੀ ਸਕੱਤਰੇਤ ਤਕ ਪੁੱਜਣ ਲਈ ਹੈਲੀਕਾਪਟਰ ਵਰਤਣ ਕਰਕੇ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਪੀਟੀਆਈ ਸੰਸਦ ਮੈਂਬਰ ਅਲੀ ਮੁਹੰਮਦ ਖ਼ਾਨ ਨੇ ਕਿਹਾ ਹੈ ਕਿ ਪੀਐਮ ਦੀ ਸੜਕ ਸੁਰੱਖਿਆ ਲਈ ਜ਼ਰੂਰੀ 5-7 ਵਾਹਨ ਨਾਲ ਲੈ ਕੇ ਤੁਰਨ ਦੀ ਬਜਾਏ ਸਿਰਫ 3 ਮਿੰਟਾਂ ਵਿੱਚ ਹੈਲੀਕਾਪਟਰ ’ਤੇ ਜਾਣਾ ਜ਼ਿਆਦਾ ਸਸਤਾ ਪੈ ਰਿਹਾ ਹੈ।