ਗੁਰਦਾਸਪੁਰ: ਪੰਜਾਬ ਵਿੱਚ ਇਸ ਵੇਲੇ ਜੋ ਅਕਾਲੀ ਦਲ ਦੇ ਹਾਲਾਤ ਹਨ, ਉਸ ਤੋਂ ਸਾਫ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਨ੍ਹਾਂ ਦੀ ਸੁਰੱਖਿਆ ਲਈ ਬੁਲੇਟ ਪਰੂਫ ਗੱਡੀਆਂ ਹੋਰ ਦੇਣ ਦੀ ਲੋੜ ਹੈ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਅਕਾਲੀਆਂ ਨੂੰ ਆਮ ਜਨਤਾ ਕੋਲੋਂ ਬਚਾਉਣ ਲਈ ਨਜ਼ਰਬੰਦ ਵੀ ਕਰਨਾ ਪਾਵੇ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਦਾ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਅਕਾਲੀ ਨਹੀਂ ਤੇ ਇਹ ਆਪਣੇ ਕੀਤੇ ਦਾ ਫਲ ਹੀ ਪਾ ਰਹੇ ਹਨ।
ਸੁਨੀਲ ਜਾਖੜ ਤੇ ਤ੍ਰਿਪਤ ਰਾਜਿੰਦਰ ਬਾਜਵਾ ਅੱਜ ਬਟਾਲਾ ਵਿੱਚ ਸਨਅਤਕਾਰਾਂ ਨਾਲ ਵਿਸ਼ੇਸ ਮੀਟਿੰਗ ਕਰਨ ਪਹੁੰਚੇ। ਪੱਤਰਕਾਰ ਨਾਲ ਗੱਲਬਾਤ ਕਰਦੇ ਜਾਖੜ ਨੇ ਬੀਤੀ ਰਾਤ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਧਾਰਮਿਕ ਸਮਾਗਮ ਵਿੱਚ ਹੋਏ ਵਿਰੋਧ ਬਾਰੇ ਆਖਿਆ ਕਿ ਉਨ੍ਹਾਂ ਤਾਂ ਉਦੋਂ ਹੀ ਇਸ ਗੱਲ 'ਤੇ ਚਿੰਤਾ ਜਤਾਈ ਸੀ ਜਦ ਵਿਦੇਸ਼ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ 'ਤੇ ਹਮਲਾ ਹੋਇਆ ਸੀ।
ਉਨ੍ਹਾਂ ਆਖਿਆ ਕਿ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ ਵਿੱਚ ਨਹੀਂ ਵੜਣ ਦੇਣਾ ਤੇ ਲੋਕਾਂ ਦੇ ਮਨਾਂ ਵਿੱਚ ਪੂਰਾ ਰੋਸ ਹੈ। ਜਾਖੜ ਨੇ ਆਖਿਆ ਕਿ ਹੋ ਸਕਦਾ ਹੈ ਕਿ ਇਨ੍ਹਾਂ ਦੀ ਜਾਨ ਬਚਾਉਣ ਲਈ ਸੁਰੱਖਿਆ ਵੀ ਵਧਾਉਣ ਦੀ ਲੋੜ ਪਵੇ ਜਾਂ ਫਿਰ ਲੋਕਾਂ ਤੋਂ ਇਨ੍ਹਾਂ ਨੂੰ ਬਚਾਉਣ ਲਈ ਨਜ਼ਰਬੰਦ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜਲਦ ਹੀ ਐਸਆਈਟੀ ਦੀ ਜਾਂਚ ਪੂਰੀ ਹੋ ਜਾਵੇਗੀ ਤੇ ਜੋ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਪਰ ਪੰਜਾਬ ਦੀ ਜਨਤਾ ਤਾਂ ਪਹਿਲਾਂ ਹੀ ਦੋਸ਼ੀਆਂ ਨੂੰ ਖੁਦ ਸਜ਼ਾ ਦੇ ਰਹੀ ਹੈ।
ਇਸ ਦੇ ਨਾਲ ਹੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਐਚਐਸ ਫੂਲਕਾ ਵੱਲੋਂ ਦਿੱਤੇ ਅਸਤੀਫਾ ਬਾਰੇ ਆਖਿਆ ਕਿ ਅਸਤੀਫਾ ਈਮੇਲ ਰਾਹੀਂ ਨਹੀਂ ਭੇਜਿਆ ਜਾਂਦਾ। ਬਾਜਵਾ ਨੇ ਆਖਿਆ ਕਿ ਉਹ ਬੇਵਕੂਫ ਬਣਾ ਰਹੇ ਹਨ ਤੇ ਵੈਸੇ ਵੀ ਫੁਲਕਾ ਪੰਜਾਬ ਦੀ ਰਾਜਨੀਤੀ ਵਿੱਚ ਅਨਫਿੱਟ ਹਨ ਤੇ ਉਹ ਤਾਂ ਦਿੱਲੀ ਜਾਣਾ ਚਾਹੰਦੇ ਹਨ। ਬਾਜਵਾ ਨੇ ਆਖਿਆ ਕਿ ਜੇਕਰ ਫੂਲਕਾ ਸੱਚ ਵਿੱਚ ਅਸਤੀਫਾ ਦੇ ਵੀ ਦੇਣ ਤਾਂ ਵੀ ਉਹ ਖੁਦ ਅਸਤੀਫਾ ਨਹੀਂ ਦੇਣਗੇ ਬਲਕਿ ਉਹ ਆਪਣੀ ਜਿੰਮੇਵਾਰੀ ਨਿਭਾਉਣਗੇ ਤੇ ਜੋ ਬਰਗਾੜੀ ਮਾਮਲੇ ਵਿੱਚ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਦਿਵਾਉਣਗੇ।