ਕੋਚੀ: ਕੇਰਲ ਹਾਈਕੋਰਟ ਨੇ ਸੋਮਵਾਰ ਨੂੰ ਰੋਮਨ ਕੈਥੋਲਿਕ ਪਾਦਰੀ ਫ੍ਰੈਂਕੋ ਮੁਲੱਕਲ ਨੂੰ ਵੱਡੀ ਰਾਹਤ ਮਿਲੀ ਹੈ। ਮੁਲੱਕਲ ਇੱਕ ਨਨ ਨਾਲ ਬਲਾਤਕਾਰ ਕਰਨ ਤੇ ਕਈ ਵਾਰ ਜਿਣਸੀ ਸੋਸ਼ਣ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਜਸਟਿਸ ਰਾਜਾ ਵਿਜੈਰਾਘਨਵ ਨੇ ਮੁਲੱਕਲ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਹੈ।

ਅਦਾਲਤ ਨੇ ਜਲੰਧਰ ਡਾਓਸਿਸ ਦੇ ਬਿਸ਼ਪ ਰਹੇ ਮੁਲੱਕਲ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਪਹਿਲਾਂ ਦੋ ਵਾਰ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ ਤੇ ਤੀਜੀ ਵਾਰ ਬਿਸ਼ਪ ਨੂੰ ਸਫ਼ਲਤਾ ਮਿਲੀ ਹੈ। ਅਦਾਲਤ ਨੇ ਉਸ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਉਹ ਦੋ ਹਫ਼ਤਿਆਂ ਵਿੱਚ ਇੱਕ ਵਾਰ ਸ਼ਨੀਵਾਰ ਵਾਲੇ ਦਿਨ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਤੋਂ ਇਲਾਵਾ ਕੇਰਲ ਵਿੱਚ ਦਾਖ਼ਲ ਵੀ ਨਹੀਂ ਹੋਣਗੇ।

ਪੀੜਤ ਨਨ ਨੇ ਬਿਸ਼ਪ ਉਤੇ ਇਲਜ਼ਾਮ ਲਾਏ ਹਨ ਕਿ ਸਾਲ 2014 ਵਿੱਚ ਕੇਰਲ ਦੇ ਕੁਰਵਿਲਾਂਗੜ ਦੇ ਗੈਸਟ ਹਾਊਸ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਉਸ ਨੇ ਕਈ ਵਾਰ ਉਸ ਦਾ ਜਿਣਸੀ ਸੋਸ਼ਣ ਕੀਤਾ। ਹਾਲਾਂਕਿ, ਫ੍ਰੈਂਕੋ ਮੁਲੱਕਲ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਆਏ ਹਨ।