Farmers Protest: ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਬਾਰਸ਼ ਤੇ ਗੜ੍ਹੇਮਾਰੀ ਦੇ ਬਾਵਜੂਦ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨ ਡਟੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨ ਹੁਣ ਹਰਿਆਣਾ-ਪੰਜਾਬ ਦੀ ਤੀਜੇ ਡੱਬਵਾਲੀ ਬਾਰਡਰ ਨੂੰ ਸੀਲ ਕਰ ਰਹੇ ਹਨ। ਇਸ ਨਾਲ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਕਿਸਾਨ ਦਿੱਲੀ ਕੂਚ ਬਾਰੇ ਵੀ ਅੱਜ ਐਲਾਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਲੰਘੇ ਦਿਨ ਲੁਧਿਆਣਾ ਵਿੱਚ ਹੋਈ ਮੀਟਿੰਗ ਤੋਂ ਬਾਅਦ ਐਸਕੇਐਮ ਆਗੂਆਂ ਨੇ ਕਿਹਾ ਕਿ ਉਹ ਟਰੈਕਟਰ ਨਹੀਂ ਲੈ ਕੇ ਜਾਣਗੇ। ਕਿਸਾਨ ਬੱਸਾਂ ਤੇ ਰੇਲ ਗੱਡੀਆਂ ਰਾਹੀਂ ਦਿੱਲੀ ਪਹੁੰਚਣਗੇ ਜਿੱਥੇ ਰਾਮਲੀਲਾ ਮੈਦਾਨ 'ਚ ਕਿਸਾਨ ਮਹਾਪੰਚਾਇਤ ਹੋਵੇਗੀ। ਕਿਸਾਨਾਂ ਦੀ ਇਸ ਰਣਨੀਤੀ ਨਾਲ ਸਰਕਾਰ ਦੀ ਮੁਸ਼ਕਲ ਵਧ ਸਕਦੀ ਹੈ।
ਉਧਰ, ਅੱਜ ਬਠਿੰਡਾ ਦੇ ਪਿੰਡ ਬੱਲੋ ਵਿਖੇ ਖਨੌਰੀ ਸਰਹੱਦ 'ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਏਗੀ। ਇੱਥੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਦਿੱਲੀ ਕੂਚ ਦਾ ਐਲਾਨ ਕੀਤਾ ਜਾ ਸਕਦਾ ਹੈ। ਯਾਦ ਰਹੇ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ।
ਹਾਸਲ ਜਾਣਕਾਰੀ ਮੁਤਾਬਕ ਕਿਸਾਨ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਦੇ ਸਿਰ 'ਤੇ ਧਾਤ ਦੇ ਕੁਝ ਟੁਕੜੇ ਮਿਲੇ ਹਨ ਜਿਨ੍ਹਾਂ ਨੂੰ ਅਸਲ ਗੋਲੀਆਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਇਹ ਰਿਪੋਰਟ ਹਰਿਆਣਾ ਪੁਲਿਸ ਨੂੰ ਭੇਜ ਦਿੱਤੀ ਹੈ।
ਪੰਜਾਬ ਪੁਲਿਸ ਨੇ ਸ਼ੁਭਕਰਨ ਦੇ ਸਿਰ ਤੋਂ ਮਿਲੀ ਧਾਤੂ ਨੂੰ ਜਾਂਚ ਲਈ ਮਾਹਿਰਾਂ ਕੋਲ ਭੇਜ ਦਿੱਤਾ ਹੈ ਜਿਸ ਰਾਹੀਂ ਇਸ ਗੱਲ ਦੀ ਪੁਸ਼ਟੀ ਹੋ ਸਕੇਗੀ ਕਿ ਇਹ ਗੋਲੀ ਨਾਲ ਸਬੰਧਤ ਹੈ ਜਾਂ ਕਿਸੇ ਹੋਰ ਵਸਤੂ ਨਾਲ। ਕੁਝ ਪੁਲਿਸ ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਰਬੜ ਦੀਆਂ ਗੋਲੀਆਂ ਨਾਲ ਵੀ ਧਾਤੂ ਜੁੜੀ ਹੁੰਦੀ ਹੈ। ਇਹ ਵੀ ਸੰਭਵ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ 'ਤੇ ਰਬੜ ਦੀਆਂ ਗੋਲੀਆਂ ਚਲਾਈਆਂ ਹੋਣ ਤੇ ਇਹੀ ਸੱਟ ਸ਼ੁਭਕਰਨ ਦੇ ਸਿਰ 'ਤੇ ਲੱਗੀ ਹੋਵੇ।