ਦਰਅਸਲ ਮੋਦੀ ਦੇ ਐਲਾਨ ਮਗਰੋਂ ਬਿਜਲੀ ਮਹਿਕਮੇ ਨੂੰ ਡਰ ਹੈ ਕਿ ਕਿਤੇ ਲੋਡ ਘਟਣ ਕਰਕੇ ਬਿਜਲੀ ਦੇ ਗਰਿੱਡ ਬੈਠ ਹੀ ਨਾ ਜਾਣ। ਇਨ੍ਹਾਂ ਖਦਸ਼ਿਆਂ ਮਗਰੋਂ ਮੋਦੀ ਸਰਕਾਰ ਨੇ ਸਪਸ਼ਟ ਵੀ ਕੀਤਾ ਹੈ ਕਿ ਘਰ ਦੇ ਸਾਰੇ ਉਪਕਰਨ ਬੰਦ ਨਹੀਂ ਕਰਨੇ ਬੱਸ ਲਾਈਟਾਂ ਬੰਦ ਕਰਨੀਆਂ ਹਨ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਸਿਰਫ ਘਰਾਂ ਦੀਆਂ ਲਾਈਟਾਂ ਬੰਦ ਕਰਨੀਆਂ ਨੇ ਕਿਤੇ ਐਵੇਂ ਹੀ ਗਲੀਆਂ ਦੀਆਂ ਲਾਈਟਾਂ ਵੀ ਬੰਦ ਨਾ ਕਰ ਬੈਠਿਓ।
ਬੇਸ਼ੱਕ ਸਰਕਾਰ ਲਗਾਤਾਰ ਸਪਸ਼ਟੀਕਰਨ ਦੇ ਰਹੀ ਹੈ ਪਰ ਬਿਜਲੀ ਮਹਿਕਮੇ ਨੂੰ ਡਰ ਸਤਾ ਰਿਹਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਰਾਜਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਲਗਾਤਾਰਤਾ ਬਣਾਈ ਰੱਖਣ ਲਈ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੇ ਬੈਠਕ ਕਰਕੇ ਖੇਤਰੀ ਤੇ ਵੱਖ-ਵੱਖ ਰਾਜਾਂ ਦੇ ਲੋਡ ਡਿਸਪੈਚ ਸੈਂਟਰਾਂ ਨੂੰ ਵਧੇਰੇ ਚੌਕਸੀ ਰੱਖਣ ਵਜੋਂ ਵਿਸ਼ੇਸ ਤੌਰ ’ਤੇ ਐਡਵਾਈਜ਼ਰੀ ਜਾਰੀ ਕੀਤੀ।
ਕੇਂਦਰੀ ਬਿਜਲੀ ਮੰਤਰਾਲੇ ਦੇ ਸਕੱਤਰ ਸੰਜੀਵ ਨੰਦਨ ਸਹਾਏ ਨੇ ਬਕਾਇਦਾ ਪੱਤਰ ਜਾਰੀ ਕਰਦਿਆਂ ਦੇਸ਼ ਦੇ ਸਾਰੇ ਪ੍ਰਿੰਸੀਪਲ ਸਕੱਤਰ (ਪਾਵਰ) ਤੇ ਸਕੱਤਰ (ਪਾਵਰ) ਨੂੰ ਅੱਜ ਬਿਜਲੀ ਪ੍ਰਬੰਧਨ ਬੇਰੋਕ ਰੱਖਣ ਲਈ ਤੁਰੰਤ ਪ੍ਰਭਾਵ ਤੋਂ ਇਹਤਿਆਤੀ ਕਦਮ ਚੁੱਕਣ ਦੀਆਂ ਹਦਾਇਤਾਂ ਕੀਤੀਆਂ ਹਨ। ਇਸ ’ਚ ਗਰਿੱਡਾਂ ’ਚ ਬਿਜਲੀ ਸਪਲਾਈ ਤੇ ਵੰਡ ਦਾ ਸੰਤੁਲਨ ਬਣਾਈ ਰੱਖਣ ਸਮੇਤ ਗਰਿੱਡ ਫ੍ਰੀਕੁਐਂਸੀ ਸਥਿਰ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਲੋਕਲ ਬਾਡੀਜ਼ ਨੂੰ ਸਟਰੀਟ ਲਾਈਟਾਂ ਜਗਾਈ ਰੱਖਣ ਤੇ ਆਮ ਲੋਕਾਂ ਨੂੰ ਫਰਿੱਜ ਸਮੇਤ ਹੋਰ ਉਪਕਰਨ ਮਘਾਈ ਰੱਖਣ ਲਈ ਕਿਹਾ ਗਿਆ ਹੈ।
ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੇ ਐਡਵਾਈਜ਼ਰੀ ’ਚ ਹਾਈਡਰੋ, ਗੈਸ ਤੇ ਥਰਮਲ ਉਤਪਾਦਨ ’ਚ ਹਾਲਾਤ ਮੁਤਾਬਕ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਗਰਿੱਡ ਪ੍ਰਣਾਲੀ ’ਚ ਅੱਠ ਵਜੇ ਤੋਂ 11 ਵਜੇ ਤੱਕ ਵਿਸ਼ੇਸ਼ ਤੌਰ ’ਤੇ ਦਰੁਸਤੀ ਬਣਾਈ ਰੱਖਣ, ਰੀਐਕਟਰ ਚਾਲੂ ਰੱਖਣ ਤੇ ਨੌਂ ਵਜੇ ਤੋਂ ਕਾਫ਼ੀ ਪਹਿਲਾਂ ਸ਼ਿਫ਼ਟਾਂ ’ਚ ਬਦਲਾਅ ਤੋਂ ਗੁਰੇਜ਼ ਕਰਨ ਸਮੇਤ ਕਈ ਹੋਰ ਅਹਿਮ ਹਦਾਇਤਾਂ ਵੀ ਸ਼ਾਮਲ ਹਨ।
ਪਾਵਰਕੌਮ ਦੇ ਬੁਲਾਰੇ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਪੰਜਾਬ ਦਾ ਬਿਜਲੀ ਲੋਡ ਭਲਕੇ ਰਾਤ 9 ਵਜੇ ਸਿਰਫ 2800-2900 ਮੈਗਾਵਾਟ ਦਰਮਿਆਨ ਹੋਵੇਗਾ ਤੇ ਲਾਈਟ ਬੰਦ ਹੋਣ ਦੌਰਾਨ ਇਸ ’ਚ 400 ਮੈਗਾਵਾਟ ਦੇ ਕਰੀਬ ਹੀ ਲੋਡ ਮਨਫ਼ੀ ਹੋਣ ਦੀ ਉਮੀਦ ਹੈ। ਲਿਹਾਜ਼ਾ ਬਿਜਲੀ ਪ੍ਰਣਾਲੀ ’ਚ ਅਸਫ਼ਲਤਾ ਦੀ ਪੰਜਾਬ ਅੰਦਰ ਕੋਈ ਗੁੰਜਾਇਸ਼ ਨਹੀਂ। ਪੰਜਾਬ ਵਿੱਚ ਸਿਰਫ ਹਾਈਡਲ ਪਲਾਂਟ ਚੱਲ ਰਹੇ ਹਨ ਤੇ ਇਨ੍ਹਾਂ ਦੀ ਪ੍ਰਤੀਕਿਰਿਆ ਥਰਮਲਾਂ ਆਦਿ ਨਾਲੋਂ ਕਿਤੇ ਤੇਜ਼ ਹੈ। ਜੇਕਰ ਲੋੜ ਪਈ ਤਾਂ ਰਣਜੀਤ ਸਾਗਰ ਡੈਮ ਤੇ ਹੋਰ ਪਣ ਬਿਜਲੀ ਪਲਾਂਟਾਂ ਨੂੰ ਵੀ ਚਲਾਇਆ ਜਾ ਸਕਦਾ ਹੈ।