ਮੋਹਾਲੀ : ਖੇਡ ਵਿਭਾਗ ਵੱਲੋਂ ਸਾਲ 2022-23 ਦੇ ਸੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ 27 ਅਤੇ 28 ਮਈ ਨੂੰ ਟਰਾਇਲ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੇ ਟਰਾਇਲ ਮਲਟੀ ਸਪੋਟਸ ਸਟੇਡੀਅਮ ਸੈਕਟਰ: 78, ਐਸ.ਏ.ਐਸ ਨਗਰ ਨੇੜੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਣਗੇ । ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਸਪੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਸ਼ਤੀ, ਹੈਂਡਬਾਲ, ਵਾਲੀਬਾਲ, ਤੈਰਾਕੀ, ਫੁੱਟਬਾਲ, ਵੇਟ ਲਿਫਟਿੰਗ, ਐਥਲੈਟਿਕਸ ਅਤੇ ਬਾਸਕਿਟ ਬਾਲ ਖੇਡਾ ਦੇ ਟਰਾਇਲ ਕਰਵਾਏ ਜਾਣਗੇ । ਉਨ੍ਹਾਂ ਕਿਹਾ ਦਾਖਲੇ ਲਈ ਖਿਡਾਰੀਆਂ ਦੀ ਯੋਗਤਾ ਵਿੱਚ ਖਿਡਾਰੀ ਜਾਂ ਖਿਡਾਰਨ ਦਾ ਜਨਮ (ਅੰ-14) ਲਈ 01-01-2009, (ਅੰ-17) ਲਈ 01-01-2006, (ਅੰ-19) ਲਈ 01-01-2004 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਖੇਲੋ ਇੰਡੀਆ ਗੇਮਜ ਵਿੱਚ ਭਾਗ ਲੈਣ ਵਾਲੇ, ਸਟੇਟ ਮੈਡਲਿਸਟ ਅਤੇ ਜਿਲ੍ਹਾ ਪੱਧਰ ਮੈਡਲਿਸਟ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ ।
ਇਸ ਤੋਂ ਇਲਾਵਾ ਜਾਣਕਾਰੀ ਦਿੰਦਿਆ ਉਨ੍ਹਾਂ ਕਿਹਾ ਕਿ ਚੁਣੇ ਗਏ ਰੈਜੀਡੈਸੀਅਲ ਖਿਡਾਰੀਆਂ ਨੂੰ 200/- ਰੁਪਏ ਅਤੇ ਡੇ-ਸਕਾਲਰ ਨੂੰ 100/- ਰੁਪਏ ਪ੍ਰਤਿ ਦਿਨ ਪ੍ਰਤਿ ਖਿਡਾਰੀ ਨੂੰ ਖੁਰਾਕ,ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਯੋਗ ਖਿਡਾਰੀ ਉਪਰੋਕਤ ਦਰਸਾਈਆਂ ਤਰੀਕਾਂ ਨੂੰ ਦੱਸੇ ਗਏ ਸਥਾਨਾਂ ਤੇ ਸਵੇਰੇ 8 ਵਜੇ ਰਜਿਸਟਰੇਸ਼ਨ ਲਈ ਸਬੰਧਤ ਜਿਲ੍ਹਾ ਖੇਡ ਅਫਸਰ ਨੂੰ ਰਿਪੋਰਟ ਕਰਨ ਅਤੇ ਦਾਖਲਾ ਫਾਰਮ ਟਰਾਇਲਾਂ ਵਾਲੇ ਦਿਨ ਜਾਂ ਉਸ ਤੋ ਪਹਿਲਾਂ ਜਿਲ੍ਹਾ ਖੇਡ ਦਫਤਰ ਤੋਂ ਮੁਫਤ ਲਏ ਜਾ ਸਕਦੇ ਹਨ, ਭਾਗ ਲੈਣ ਵਾਲੇ ਖਿਡਾਰੀ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 3 ਤਾਜਾ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਆਉਣ, ਕਿਸੇ ਵੀ ਭਾਗ ਲੈਣ ਵਾਲੇ ਖਿਡਾਰੀ ਜਾ ਖਿਡਾਰਨ ਨੂੰ ਟੀ.ਏ ਜਾ ਡੀ.ਏ ਨਹੀਂ ਦਿੱਤਾ ਜਾਵੇਗਾ।