ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸਵਾਲ ਚੁੱਕੇ ਹਨ। ਬਾਜਵਾ ਦਾ ਕਹਿਣਾ ਹੈ ਕਿ ਸੁਖਬੀਰ ਇਸ ਗੱਲ ਨੂੰ ਸਪਸ਼ਟ ਕਰਨ ਕਿ ਉਹ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਉੱਤੇ ਲਿਆਂਦੇ ਗਏ ਆਰਡੀਨੈਸਾਂ ਨੂੰ ਕਿਸਾਨ ਪੱਖੀ ਸਮਝਦੇ ਹਨ ਜਾਂ ਕਿਸਾਨ ਮਾਰੂ।

ਬਾਜਵਾ ਨੇ ਸੁਖਬੀਰ ਬਾਦਲ ਨੂੰ ਇਹ ਵੀ ਸਪਸ਼ਟ ਕਰਨ ਲਈ ਕਿਹਾ ਕਿ ਆਗਾਮੀ ਪਾਰਲੀਮੈਂਟ ਸੈਸ਼ਨ ਦੌਰਾਨ ਉਨ੍ਹਾਂ ਦੀ ਪਾਰਟੀ ਇਨ੍ਹਾਂ ਆਰਡੀਨੈਸਾਂ ਦੇ ਹੱਕ ਵਿੱਚ ਭੁਗਤੇਗੀ ਜਾਂ ਵਿਰੋਧ ਕਰੇਗੀ। ਬਾਜਵਾ ਨੇ ਇੱਕ ਬਿਆਨ 'ਚ ਕਿਹਾ ਕਿ ਸੁਖਬੀਰ ਬਾਦਲ ਅਜੇ ਵੀ ਮੋਮੋਠਗਣੀਆਂ ਗੱਲਾਂ ਕਰਕੇ ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।




ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਆਰਡੀਨੈਂਸ ਪਾਰਲੀਮੈਂਟ ਵਿੱਚ ਇਸੇ ਸੈਸ਼ਨ ਦੌਰਾਨ ਤੇ ਇਸੇ ਰੂਪ ਵਿੱਚ ਪੇਸ਼ ਕੀਤੇ ਜਾਣੇ ਹਨ। ਇਸ ਲਈ ਸੁਖਬੀਰ ਨੂੰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਖ਼ਦਸ਼ੇ ਦੂਰਕਰਨ ਤੋਂ ਬਾਅਦ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਪੇਸ਼ ਕਰਨ ਦੀ ਅਪੀਲ ਦਾ ਢੌਂਗ ਰਚਣ ਦੀ ਥਾਂ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਵਿੱਚ ਕੋਈ ਸੋਧ ਪ੍ਰਸਤਾਵ ਪੇਸ਼ ਕਰੇਗੀ ਜਾਂ ਇਨ੍ਹਾਂ ਦਾ ਵਿਰੋਧ ਕਰੇਗੀ ਤੇ ਜਾਂ ਫਿਰ ਆਪਣੇ ਪੁਰਾਣੇ ਸਟੈਂਡ ਅਨੁਸਾਰ ਇਨ੍ਹਾਂ ਨੂੰ ਕਿਸਾਨ ਹਮਾਇਤੀ ਦਸ ਕੇ ਇਸ ਦੇ ਹੱਕ ਵਿੱਚ ਭੁਗਤੇਗੀ।

ਬਾਜਵਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸੁਖਬੀਰ ਆਪਣੀ ਪਤਨੀ ਹਰਸਿਮਰਤ ਬਾਦਲ ਦੀ ਵਜ਼ੀਰੀ ਬਚਾਉਣ ਦੀ ਖ਼ਾਤਰ ਕਿਸਾਨੀ ਹਿੱਤਾਂ ਤੇ ਪੰਜਾਬ ਨਾਲ ਨੰਗੀ ਚਿੱਟੀ ਗਦਾਰੀ ਕਰ ਕੇ ਇਨ੍ਹਾਂ ਆਰਡੀਨੈਸਾਂ ਨੂੰ ਬੜੀ ਹੀ ਢੀਠਤਾਈ ਨਾਲ ਕਿਸਾਨਾਂ ਲਈ ਫਾਇਦੇਮੰਦ ਗਰਦਾਨਦੇ ਆ ਰਹੇ ਹਨ।