ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ। ਸੰਧਵਾਂ ਇਸੇ ਕਾਰ 'ਚ ਬੈਠੇ ਸਨ। ਇਸ ਹਾਦਸੇ ਵਿਚ ਸੰਧਵਾਂ ਵਾਲ ਵਾਲ ਬਚ ਗਏ ਹਨ।



ਸੰਧਵਾਂ ਨੇ ਸੜਕ ਉੱਤੇ ਅਜਿਹੀ ਜਾਨਲੇਵਾ ਲਾਪ੍ਰਵਾਹੀ ਦੀ ਜਾਂਚ ਕਰਾਉਣ ਦੀ ਵਕਾਲਤ ਕੀਤੀ ਹੈ। ਇਸ ਮੌਕੇ ਸਪੀਕਰ ਦੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਹੋ ਗਿਆ ਸੀ ਪਰ ਮਨੁੱਖਤਾਵਾਦੀ ਰਵੱਈਏ ਦਾ ਪ੍ਰਗਟਾਵਾ ਕਰਦਿਆਂ ਸੰਧਵਾਂ ਨੇ ਇਸ ਲਈ ਮਾਫ਼ੀ ਮੰਗੀ ਹੈ। 


 

ਉਹਨਾਂ ਕਿਹਾ ਕਿ ਹਰੇਕ ਡਰਾਈਵਰ ਲਈ ਸੜਕੀ ਸ਼ਿਸ਼ਟਾਚਾਰ ਅਪਣਾਉਣਾ ਲਾਜ਼ਮੀ ਹੈ ਅਤੇ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਵੀ ਅਤਿ ਜ਼ਰੂਰੀ ਹੈ ਪਰ ਸੜਕ ਉੱਤੇ ਕਿਸੇ ਦੀ ਜਾਨ ਲੈਣ ਵਰਗੀ ਲਾਪ੍ਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ।

 

  ਦੱਸ ਦੇਈਏ ਕਿ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸੁਰੱਖਿਆ ਕਰਮੀ ਵੱਲੋਂ ਕਥਿਤ ਤੌਰ ’ਤੇ ਇਕ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਸਮੇਂ ਸੰਧਵਾਂ ਵੀ ਕਾਰ ਵਿਚ ਹੀ ਬੈਠੇ ਸਨ।

ਇਹ ਮਾਮਲਾ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਦਾ ਹੈ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਾਫ਼ਲਾ ਅੰਮ੍ਰਿਤਸਰ ਜਾ ਰਿਹਾ ਸੀ। ਡਰਾਇਵਰ ਦਾ ਕਹਿਣਾ ਹੈ ਕਿ ਸਿੰਗਲ ਰੋਡ ਹੋਣ ਕਾਰਨ ਉਹ ਸਪੀਕਰ ਦੀ ਗੱਡੀ ਨੂੰ ਰਾਹ ਨਹੀਂ ਦੇ ਸਕਿਆ, ਜਿਸ ਦੇ ਚਲਦਿਆਂ ਸੁਰੱਖਿਆ ਕਰਮੀ ਨੇ ਉਸ ਨਾਲ ਕੁੱਟਮਾਰ ਕੀਤੀ ਹੈ।

 

ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਦਿਆਂ ਕਿਹਾ, “ਅੰਮ੍ਰਿਤਸਰ ਸਾਹਿਬ ਜਾਂਦਿਆਂ ਜਿਸ ਕਾਰ ਵਿਚ ਮੈਂ ਸਵਾਰ ਸਾਂ, ਉਸ ਦੇ ਇਕ ਪਾਸੇ ਟਰੱਕ ਵਾਲੇ ਨੇ ਟੱਕਰ ਮਾਰ ਦਿੱਤੀ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬਚਾ ਹੋ ਗਿਆ,ਮੇਰੇ ਸੁਰੱਖਿਆ ਮੁਲਾਜ਼ਮਾਂ ਦਾ ਟਰੱਕ ਡਰਾਈਵਰ ਨਾਲ ਬੋਲ ਬੁਲਾਰਾ ਵੀ ਹੋਇਆ, ਮਾਫ਼ੀ ਚਾਹੁੰਦਾ ਹਾਂ ਪਰ ਸੜਕ ਉੱਤੇ ਅਜਿਹੀ ਜਾਨਲੇਵਾ ਲਾਪਰਵਾਹੀ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ”।