ਪਟਿਆਲਾ: ਸ਼੍ਰੀ ਕਾਲੀ ਮਾਤਾ ਮੰਦਿਰ ਦੀ ਕੰਧ 'ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਜਾਣ ਤੋਂ ਚਾਰ ਦਿਨ ਬਾਅਦ, ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਸਿੱਖਸ ਫਾਰ ਜਸਟਿਸ (SFJ) ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਸ ਗੰਭੀਰ ਮਾਮਲੇ 'ਤੇ ਸ਼ਿਕੰਜਾ ਕੱਸਿਆ। ਇਹ ਜਾਣਕਾਰੀ ਅੱਜ ਇੱਥੇ ਆਈਜੀਪੀ ਪਟਿਆਲਾ ਰੇਂਜ ਐਮ.ਐਸ. ਛੀਨਾ ਅਤੇ SSP ਪਟਿਆਲਾ ਦੀਪਕ ਪਾਰਿਕ ਨੇ ਸਾਂਝਾ ਕੀਤੀ ਹੈ।
ਜ਼ਿਕਰਯੋਗ ਹੈ ਕਿ 14 ਅਤੇ 15 ਜੁਲਾਈ 2022 ਦੀ ਦਰਮਿਆਨੀ ਰਾਤ ਨੂੰ ਸ਼੍ਰੀ ਕਾਲੀ ਮਾਤਾ ਮੰਦਰ ਦੀ ਪਿਛਲੀ ਕੰਧ 'ਤੇ 'ਖਾਲਿਸਤਾਨ ਰਿਫਿਊਜੀ' ਨਾਲ ਸਬੰਧਤ ਪੋਸਟਰ ਦੇਖਿਆ ਗਿਆ ਸੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਪ੍ਰਿੰਸ ਵਾਸੀ ਪਿੰਡ ਸਲੇਮਪੁਰ ਸੇਖਾਂ ਸ਼ੰਭੂ, ਜੋ ਕਿ ਹਾਲ ਵਾਸੀ ਰਾਜਪੁਰਾ ਅਤੇ ਪ੍ਰੇਮ ਸਿੰਘ ਉਰਫ਼ ਪ੍ਰੇਮ ਉਰਫ਼ ਏਕਮ ਵਾਸੀ ਪਿੰਡ ਸਲੇਮਪੁਰ ਸੇਖਾਂ ਸ਼ੰਭੂ ਵਜੋਂ ਹੋਈ ਹੈ। ਪੁਲਿਸ ਨੇ ਖਾਲਿਸਤਾਨ ਰਿਫਿਊਜੀ ਦੇ 13 ਪੋਸਟਰ, ਦੋ ਮੋਬਾਈਲ ਫੋਨ ਅਤੇ ਅਪਰਾਧ ਕਰਨ ਲਈ ਵਰਤੇ ਗਏ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਆਈ. ਜੀ. ਪਟਿਆਲਾ ਰੇਂਜ ਦੇ ਐਮ.ਐਸ. ਛੀਨਾ ਅਤੇ ਐਸ. ਐੱਸ. ਪੀ ਪਾਰਿਕ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਮਲੇ ਦੀ ਸਮੁੱਚੀ ਜਾਂਚ ਦੀ ਨਿਗਰਾਨੀ ਡੀ.ਜੀ.ਪੀ ਪੰਜਾਬ ਨੇ ਕੀਤੀ।ਜਾਂਚ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ।
ਉਨ੍ਹਾਂ ਦੱਸਿਆ ਕਿ ਡੂੰਘਾਈ ਨਾਲ ਕੀਤੀ ਤਕਨੀਕੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟਰ ਹਰਵਿੰਦਰ ਉਰਫ਼ ਪ੍ਰਿੰਸ ਅਤੇ ਪ੍ਰੇਮ ਵੱਲੋਂ ਚਿਪਕਾਏ ਗਏ ਸਨ ਕਿਉਂਕਿ ਵਿਦੇਸ਼ਾਂ ਵਿੱਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰਾਂ ਵੱਲੋਂ ਪੈਸੇ ਦੇ ਬਦਲੇ ਜਾਂ ਵਿਦੇਸ਼ ਵਿੱਚ ਰਿਹਾਇਸ਼ ਦੀ ਪੇਸ਼ਕਸ਼ ਦੇ ਬਦਲੇ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।