ਜਲੰਧਰ: ਜ਼ਿਲ੍ਹੇ ਦੇ ਪਿੰਡ ਬਢਿਆਣਾ ਵਿੱਚ ਪਿੰਡ ਦੀ ਸਰਪੰਚੀ ਵਾਸਤੇ ਦੋ ਭਰਾ ਆਹਮੋ-ਸਾਹਮਣੇ ਹੋ ਗਏ ਹਨ। ਵੱਡਾ ਭਰਾ ਤਿੰਨ ਵਾਰ ਪਿੰਡ ਦਾ ਪੰਚ ਰਹਿ ਚੁੱਕਿਆ ਹੈ। ਇੱਕ ਵਾਰ ਭਾਬੀ ਵੀ ਪੰਚ ਰਹਿ ਚੁੱਕੀ ਹੈ। ਇਸ ਵਾਰ ਵੱਡੇ ਭਰਾ ਨੇ ਸਰਪੰਚੀ ਲਈ ਚੋਣ ਮੈਦਾਨ ਵਿੱਚ ਐਂਟਰੀ ਕੀਤੀ ਤਾਂ ਛੋਟਾ ਭਰਾ ਵੱਡੇ ਨੂੰ ਟੱਕਰ ਦੇਣ ਲਈ ਮੈਦਾਨ ਵਿੱਚ ਉੱਤਰ ਗਿਆ।


ਜਲੰਧਰ ਜ਼ਿਲ੍ਹੇ ਦੇ ਪਿੰਡ ਬੁਢਿਆਣਾ ਵਿੱਚ 350 ਘਰਾਂ ਵਿੱਚ 1276 ਵੋਟਰ ਹਨ। 58 ਸਾਲਾ ਵੱਡਾ ਭਰਾ ਹਰਭਜਨ ਲਾਲ ਪਿੰਡ ਵਿੱਚ ਖੇਤੀ ਕਰਦਾ ਹੈ। ਉਹ ਤਿੰਨ ਵਾਰ ਪੰਚ ਰਹਿ ਚੁੱਕਾ ਹੈ। ਪਿਛਲੀ ਵਾਰ ਜਦੋਂ ਵਾਰਡ ਔਰਤਾਂ ਵਾਸਤੇ ਰਿਜ਼ਰਵ ਹੋ ਗਿਆ ਤਾਂ ਉਸ ਦੀ ਪਤਨੀ ਪਿੰਡ ਦੀ ਪੰਚ ਬਣੀ। ਇਸ ਵਾਰ ਸਰਪੰਚੀ ਲਈ ਮੈਦਾਨ ਵਿੱਚ ਆਇਆ ਤਾਂ ਚੋਣ ਨਿਸ਼ਾਨ ਆਟੋ ਮਿਲਿਆ ਹੈ। ਇਨ੍ਹਾਂ ਦੇ ਘਰ ਇਨ੍ਹਾਂ ਤੋਂ ਇਲਾਵਾ ਦੋ ਵੋਟਰ ਹੋਰ ਹਨ। ਇੱਕ ਕੁੜੀ ਤੇ ਇੱਕ ਪਤਨੀ। ਮੁੰਡੇ ਦੋਵੇਂ ਬਾਹਰ ਰਹਿੰਦੇ ਹਨ। ਸਿਹਤ ਠੀਕ ਨਾ ਹੋਣ ਕਰਕੇ ਹਰਭਜਨ ਅੱਜ ਚੋਣ ਪ੍ਰਚਾਰ ਨਹੀਂ ਕਰ ਰਿਹਾ।


ਹਰਭਜਨ ਲਾਲ ਦਾ ਛੋਟੇ ਭਰਾ ਸਤਪਾਲ ਦੇ ਘਰ ਪੰਜ ਆਪਣੀਆਂ ਵੋਟਾਂ ਹਨ। ਸਤਪਾਲ ਤੇ ਉਸ ਦੀ ਪਤਨੀ ਦੇ ਨਾਲ ਦੋ ਮੁੰਡੇ ਤੇ ਇੱਕ ਕੁੜੀ ਵੀ ਹੈ। ਵੈਸੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਤਪਾਲ ਨੂੰ ਚੋਣ ਨਿਸ਼ਾਨ ਬੈਟ ਮਿਲਿਆ ਹੈ। ਸਤਪਾਲ ਦਾ ਕਹਿਣਾ ਹੈ ਕਿ ਉਸ ਨੂੰ ਪਿੰਡ ਵਾਲਿਆਂ ਨੇ ਕਿਹਾ ਕਿ ਸਰਪੰਚੀ ਦੀ ਚੋਣ ਲੜੇ। ਇਸ ਲਈ ਉਹ ਮੈਦਾਨ ਵਿੱਚ ਉਤਰਿਆ। ਉਸ ਨੇ ਕਿਹਾ ਕਿ ਭਰਾਵਾਂ ਵਿੱਚ ਰੋਸੇ-ਗਿਲੇ ਵਾਲੀ ਕੋਈ ਗੱਲ ਨਹੀਂ। ਰੋਜ਼ਾਨਾ ਗੱਲ ਹੁੰਦੀ ਹੈ। ਪਿੰਡ ਦਾ ਸਰਪੰਚ ਤਾਂ ਵੋਟਰਾਂ ਨੇ ਚੁਣਨਾ ਹੈ।

ਪਿੰਡ ਦੀ ਸਰਪੰਚੀ ਲਈ ਦੋਵਾਂ ਭਰਾਵਾਂ ਤੋਂ ਇਲਾਵਾ ਦੋ ਉਮੀਦਵਾਰ ਹੋਰ ਮੈਦਾਨ ਵਿੱਚ ਨਿੱਤਰੇ ਹਨ। ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿੱਤੇ ਕੋਈ ਵੀ ਬੱਸ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਹੈ। ਪਿੰਡ ਦੀ ਸਰਪੰਚੀ ਲਈ ਆਹਮੋ-ਸਾਹਮਣੇ ਹੋਏ ਦੋਵੇਂ ਭਰਾ ਇਹ ਵਾਅਦਾ ਜ਼ਰੂਰ ਕਰਦੇ ਹਨ ਕਿ ਜਿੱਤੇ ਜਿਹੜਾ ਵੀ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲੇਗਾ ਤੇ ਰਿਸ਼ਤੇ ਉਸੇ ਤਰ੍ਹਾਂ ਰਹਿਣਗੇ ਜਿਵੇਂ ਹੁਣ ਹਨ।