Barnala News : ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਵੱਡਾ ਮੁੱਦਾ ਬਣਿਆ ਹੋਇਆ ਹੈ। ਕਰਜ਼ੇ ਕਾਰਨ ਆਏ ਦਿਨ ਕੋਈ ਨਾ ਕੋਈ ਕਿਸਾਨ ਖੁ਼ਦਕੁਸ਼ੀ ਕਰ ਰਿਹਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਪਰਿਵਾਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਜ਼ਿਲ੍ਹਾ ਬਰਨਾਲਾ ਦੇ ਕੈਰੇ ਪਿੰਡ ਵਿੱਚ ਦੋ ਪਰਿਵਾਰ ਖੁਦਕੁਸ਼ੀ ਪੀੜਤ ਹਨ। ਪਰਿਵਾਰਾਂ ਵਿੱਚ ਕਮਾਊ ਮਰਦ ਜੀਆਂ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਕਿਸੇ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਦੀ ਸਾਰ ਤੱਕ ਨਹੀਂ ਲਈ। 


ਇਨ੍ਹਾਂ ਵਿੱਚ ਪਹਿਲਾ ਪਰਿਵਾਰ ਸੁਰਜੀਤ ਸਿੰਘ ਦਾ ਹੈ। ਸੁਰਜੀਤ ਸਿੰਘ ਨੇ ਸਤੰਬਰ, 2022 ਵਿੱਚ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਪੰਜ ਮਹੀਨੇ ਬਾਅਦ ਵੀ ਪਰਿਵਾਰ ਦੇ ਹਾਲਾਤ ਨਹੀਂ ਸੁਧਰੇ। ਪਰਿਵਾਰ ਸਿਰ ਅਜੇ ਵੀ ਲੱਖਾਂ ਰੁਪਏ ਦਾ ਕਰਜ਼ਾ ਹੈ। ਸੁਰਜੀਤ ਦੇ ਪਰਿਵਾਰ ਵਿੱਚ ਇਸ ਵੇਲੇ ਉਸਦੀ ਪਤਨੀ ਅਤੇ ਚਾਰ ਧੀਆਂ ਹਨ। ਉਸਦੀ ਪਤਨੀ ਮਨਪ੍ਰੀਤ ਕੌਰ ਦੱਸਦੀ ਹੈ ਕਿ ਢਾਈ ਲੱਖ ਦਾ ਕਰਜ਼ਾ ਪਰਿਵਾਰ ਸਿਰ ਹੈ। ਇਸੇ ਕਰਜ਼ੇ ਤੋਂ ਤੰਗ ਆ ਕੇ ਉਸਦਾ ਪਤੀ ਖੁਦਕੁਸ਼ੀ ਕਰ ਗਿਆ। ਸਰਕਾਰ ਨੇ ਅਜੇ ਤੱਕ ਨਾ ਕਰਜ਼ਾ ਮੁਆਫ਼ ਕੀਤਾ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ। ਉਹ ਅੱਜ ਆਪਣੀਆਂ ਧੀਆਂ ਨੂੰ ਲੈ ਕੇ ਬੜੀ ਚਿੰਤਾ ਵਿੱਚ ਹੈ। ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਹੋ ਰਿਹਾ ਹੈ। ਸਰਕਾਰ ਕੋਈ ਮੱਦਦ ਕਰ ਦੇਵੇ ਤਾਂ ਚੰਗਾ ਹੋਵੇਗਾ।


ੳਥੇ ਦੂੂਜੇ ਪਰਿਵਾਰ ਵਿੱਚ ਦੋ ਖੁਦਕੁਸ਼ੀਆਂ ਹੋ ਚੁੱਕੀਆਂ ਹਨ। ਪਹਿਲਾਂ ਪੁੱਤ ਅਤੇ ਹੁਣ ਬਾਪ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਿਆ। ਪਰਿਵਾਰ ਵਿੱਚ ਇਸ ਵੇਲੇ ਸਿਰਫ਼ ਸੱਸ ਨੂੰਹ ਤੇ ਦੋ ਬੱਚੇ ਹਨ। ਕਮਾਈ ਦਾ ਕੋਈ ਸਾਧਨ ਨਹੀਂ ਉਤੋਂ ਕਰਜ਼ੇ ਦਾ ਫਿ਼ਕਰ ਹੈ। ਜਸਵਿੰਦਰ ਕੌਰ ਦੱਸਦੀ ਹੈ ਕਿ ਪਰਿਵਾਰ ਹੱਸਦਾ ਵੱਸਦਾ ਖੇਤੀਬਾੜੀ ਕਰਦਾ ਸੀ। ਕੁਦਰਤ ਦੀ ਮਾਰ ਕਾਰਨ ਖੇਤੀ ਵਿੱਚ ਘਾਟਾ ਪੈ ਗਿਆ। ਜਿਸ ਨਾਲ ਪਰਿਵਾਰ ਕਰਜ਼ਈ ਹੋ ਗਿਆ। ਇਸੇ ਕਰਜ਼ੇ ਤੋਂ ਤੰਗ ਆ ਕੇ ਉਸਦਾ ਪੁੱਤ ਅਮਰੀਕ ਸਿੰਘ ਦੋ ਸਾਲ ਪਹਿਲਾਂ ਖੁਦਕੁਸ਼ੀ ਕਰ ਗਿਆ। ਇਸ ਤੋਂ ਦੋ ਸਾਲਾਂ ਬਾਅਦ ਉਸਦਾ ਪਤੀ ਬਲਵੀਰ ਸਿੰਘ ਵੀ ਪੁੱਤ ਦੇ ਰਸਤੇ ਚਲਾ ਗਿਆ। ਪਰਿਵਾਰ ਸਿਰ ਚੜਿਆ ਕਰਜ਼ਾ ਜਿਉਂ ਦੀ ਤਿਉਂ ਖੜਾ ਹੈ। ਕੋਈ ਸਰਕਾਰੀ ਮੱਦਦ ਅਜੇ ਤੱਕ ਨਹੀਂ ਮਿਲੀ। ਉਹਨਾਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ।

 

ਇਹ ਵੀ ਪੜ੍ਹੋ : ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਚਾਕੂ ਮਾਰ-ਮਾਰ ਬੇਰਹਿਮੀ ਨਾਲ ਕੀਤਾ ਕਤਲ, ਹੱਤਿਆ ਮਗਰੋਂ ਬਿਜਲੀ ਦਾ ਕਰੰਟ ਵੀ ਲਾਇਆ


ਉਥੇ ਪਿੰਡ ਦੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਗਰਾਜ ਸਿੰਘ ਨੇ ਕਿਹਾ ਕਿ ਕਰਜ਼ੇ ਕਾਰਨ ਖੁਦਕੁਸ਼ੀ ਦਾ ਮਾੜਾ ਦੌਰ ਅੱਜ ਵੀ ਚੱਲ ਰਿਹਾ ਹੈ। ਜਿਸਦੀ ਮਾਰ ਪਿੰਡ ਦੇ ਦੋ ਪਰਿਵਾਰ ਝੱਲ ਰਹੇ ਹਨ। ਉਹਨਾਂ ਕਿਹਾ ਕਿ ਦੋਵੇਂ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਕਰਜ਼ਾ ਮੁਆਫ਼ੀ ਸਬੰਧ ਫਾ਼ਈਲਾਂ ਡੀਸੀ ਬਰਨਾਲਾ ਨੂੰ ਦਿੱਤੀਆਂ ਹੋਈਆਂ ਹਨ। ਸਰਕਾਰ ਪਹਿਲ ਦੇ ਆਧਾਰ 'ਤੇ ਇਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ। ਉਥੇ ਪਰਿਵਾਰ ਦਾ ਕਰਜ਼ਾ ਮੁਆਫ਼ ਕਰਕੇ ਇੱਕ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇ ਦੇਵੇ ਤਾਂ ਪਰਿਵਾਰਾਂ ਨੁੰ ਵੱਡਾ ਸਹਾਰਾ ਮਿਲ ਸਕਦਾ ਹੈ।