ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮਣੀਕਰਨ ਸਾਹਿਬ ਤੇ ਹੋਰ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਨਾਲ ਬਦਸਲੂਕੀ ਤੇ ਪੁਲਿਸ ਵੱਲੋਂ ਚਲਾਨ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਮਗਰੋਂ ਹਿਮਾਚਲ ਪੁਲਿਸ ਨੇ ਯੂ-ਟਰਨ ਲੈਂਦਿਆਂ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਏਗਾ।



ਹਿਮਾਚਲ ਦੇ ਮੰਡੀ ਜ਼ਿਲ੍ਹੇ ਦੀ ਐਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਤਹਿਤ ਹੀ ਉਨ੍ਹਾਂ ਦੀ ਪੁਲਿਸ ਨੇ ਚਲਾਨ ਕੱਟਿਆ ਹੈ। ਇਸ 'ਚ ਹੈਲਮੇਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ ਸ਼ਾਮਲ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਧਾਰਮਿਕ ਚਿੰਨ੍ਹ ਅਤੇ ਪ੍ਰਤੀਕ ਨੂੰ ਪੂਰਾ ਸਤਿਕਾਰ ਦਿੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਉਹ ਤੁਰੰਤ ਕਾਰਵਾਈ ਕਰਨਗੇ।

ਦੱਸ ਦਈਏ ਕਿ ਹਿਮਾਚਲ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਿੱਖ ਸ਼ਰਧਾਲੂਆਂ ਨਾਲ ਗ਼ਲਤ ਸਲੂਕ ਕਰਨ, ਵਾਹਨਾਂ ਤੋਂ ਧਾਰਮਿਕ ਝੰਡੇ ਉਤਾਰਨ ਤੇ ਚਾਲਾਨ ਕੱਟਣ ਦੀਆਂ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਅੰਦਰ ਗੁੱਸੇ ਦੀ ਲਹਿਰ ਦੌੜ ਗਈ। ਇਸ ਦੇ ਰੋਸ ਵਜੋਂ ਸਿੱਖਾਂ ਨੇ ਸ਼ਨੀਵਾਰ ਨੂੰ ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ਨੰਬਰ 21 (205) 'ਤੇ ਪਿੰਡ ਕਲਿਆਣਪੁਰ (ਸ੍ਰੀ ਕੀਰਤਪੁਰ ਸਾਹਿਬ) ਨੇੜੇ ਧਰਨਾ ਲਾ ਦਿੱਤਾ।

ਸਿੱਖ ਆਗੂ ਬਖਸ਼ੀਸ਼ ਸਿੰਘ, ਪ੍ਰਭਜੋਤ ਸਿੰਘ, ਸੁਰਿੰਦਰ ਸਿੰਘ ਬਠੌਰੀ, ਵਰਿੰਦਰ ਸਿੰਘ ਬਾਜਵਾ, ਲਾਡੀ ਮਾਛੀਵਾੜਾ, ਜਗਜੀਤ ਸਿੰਘ ਫ਼ੌਜੀ, ਰਣਜੀਤ ਸਿੰਘ ਵਿਰਕ ਤੇ ਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ ਪਟਿਆਲਾ, ਅੰਮ੍ਰਿਤਸਰ, ਪੱਤਣ, ਸਮਾਣਾ, ਗੁਰਦਾਸਪੁਰ ਤੇ ਮਾਛੀਵਾੜਾ ਸਮੇਤ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਹੋਲਾ-ਮਹੱਲਾ 'ਚ ਮੱਥਾ ਟੇਕਣ ਸ੍ਰੀ ਅਨੰਦਪੁਰ ਸਾਹਿਬ ਆਏ ਹੋਏ ਸਨ। ਇੱਥੋਂ ਉਹ ਮੋਟਰਸਾਈਕਲਾਂ ਤੇ ਕਾਰਾਂ 'ਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਸਥਿਤ ਮਨੀਕਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ।

ਉਨ੍ਹਾਂ ਨੂੰ ਜਾਂਦੇ ਹੋਏ ਹਿਮਾਚਲ ਪ੍ਰਦੇਸ਼ ਪੁਲਿਸ ਨੇ ਰਸਤੇ 'ਚ ਘੇਰ ਲਿਆ। ਉਨ੍ਹਾਂ ਨੂੰ ਆਪਣੇ ਵਾਹਨਾਂ 'ਤੇ ਲਗਾਏ ਕੇਸਰੀ ਝੰਡੇ ਤੇ ਹੋਰ ਧਾਰਮਿਕ ਤਸਵੀਰਾਂ ਵਾਲੇ ਝੰਡੇ ਉਤਾਰਨ ਲਈ ਕਿਹਾ ਗਿਆ। ਇਨਕਾਰ ਕਰਨ 'ਤੇ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ ਤੇ ਝੰਡੇ ਜ਼ਬਰਦਸਤੀ ਉਤਾਰ ਦਿੱਤੇ ਗਏ। ਇੱਥੋਂ ਤੱਕ ਕਿ ਸਥਾਨਕ ਪ੍ਰਸ਼ਾਸਨ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ।

ਪੁਲਿਸ ਨੇ ਉਨ੍ਹਾਂ ਦੇ 15-15 ਹਜ਼ਾਰ ਰੁਪਏ ਤੱਕ ਦੇ ਚਲਾਨ ਕੱਟੇ। ਇਸ ਧੱਕੇਸ਼ਾਹੀ ਖ਼ਿਲਾਫ਼ ਸ੍ਰੀ ਕੀਰਤਪੁਰ ਸਾਹਿਬ ਵਿਖੇ ਆ ਕੇ ਕੌਮੀ ਮਾਰਗ 'ਤੇ ਜਾਮ ਲਾ ਕੇ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਧਾਰਮਿਕ ਚਿੰਨ੍ਹਾਂ ਤੇ ਸ਼ਹੀਦਾਂ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰਨਗੇ। ਧਰਨੇ ਕਾਰਨ ਕੌਮੀ ਮਾਰਗ 'ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਸੁਮਿਤ ਮੌੜ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਮਗਰੋਂ ਮੰਡੀ (ਹਿਮਾਚਲ ਪ੍ਰਦੇਸ਼) ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਧਰਨਾਕਾਰੀ ਸੰਗਤ ਨੂੰ ਆਪਣੀਆਂ ਸਮੱਸਿਆਵਾਂ ਲਿਖਣ ਲਈ ਕਿਹਾ ਤਾਂ ਜੋ ਉਨ੍ਹਾਂ ਵੱਲੋਂ ਇਹ ਮੰਗ ਪੱਤਰ ਡੀਸੀ ਰੂਪਨਗਰ ਰਾਹੀਂ ਹਿਮਾਚਲ ਪ੍ਰਦੇਸ਼ ਦੇ ਮੰਡੀ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਸਕੇ। ਇਸ ਮਗਰੋਂ ਧਰਨਾਕਾਰੀਆਂ ਨੇ ਆਪਣਾ ਮੰਗ ਪੱਤਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪ ਕੇ ਹੜਤਾਲ ਖ਼ਤਮ ਕਰ ਦਿੱਤੀ।