ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫਸੇ 2 ਸਾਲਾਂ ਦੇ ਬੱਚੇ ਫ਼ਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤਕ ਪਹੁੰਚ ਕੀਤੀ ਹੈ। ਉਨ੍ਹਾਂ ਇਸ ਘਟਨਾ ਅਤੇ 5 ਦਿਨਾਂ ਤੋਂ ਬੱਚੇ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਹਰਾਂ ਦੀ ਟੀਮ ਤੇ ਆਧੁਨਿਕ ਮਸ਼ੀਨਰੀ ਭੇਜੀ ਜਾਵੇ, ਕਿਉਂਕਿ 94 ਘੰਟਿਆਂ ਤੱਕ ਵੀ ਫ਼ਤਹਿਵੀਰ ਤਕ ਪਹੁੰਚਣ ਦੇ ਯਤਨ ਅਸਫਲ ਰਹਿਣ ਕਾਰਨ ਆਮ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਤੇ ਬੇਚੈਨੀ ਵਧਦੀ ਜਾ ਰਹੀ ਹੈ।
ਮਾਨ ਨੇ ਕਿਹਾ ਕਿ 21ਵੀਂ ਸਦੀ 'ਚ ਮਨੁੱਖ ਤਕਨੀਕ ਤੇ ਮਸ਼ੀਨਰੀ ਦੇ ਸਹਾਰੇ ਪਤਾਲ ਤੋਂ ਆਕਾਸ਼ ਤੱਕ ਪੁੱਜ ਗਿਆ ਹੈ, ਪਰ ਅਸੀਂ 128 ਫੁੱਟ 'ਤੇ ਬੋਰਵੈੱਲ 'ਚ ਫਸੇ ਫ਼ਤਹਿਵੀਰ ਤਕ ਨਹੀਂ ਪਹੁੰਚ ਸਕੇ। ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਮਾਨ ਨੇ ਕਿਹਾ ਕਿ ਇਸ ਨਾਜ਼ੁਕ ਘੜੀ 'ਚ ਉਹ ਦੂਸ਼ਣਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ, ਪਰ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰੇ ਤੇ ਅਜਿਹੀ ਚੁਣੌਤੀ ਨਾਲ ਕਿਵੇਂ ਤੁਰੰਤ ਨਿਪਟਿਆ ਜਾਵੇ, ਇਸ 'ਤੇ ਚਿੰਤਨ ਕਰਨਾ ਜ਼ਰੂਰੀ ਹੈ।
ਮਾਨ ਨੇ ਫ਼ਤਹਿਵੀਰ ਸਿੰਘ ਲਈ ਦੇਸ਼ ਵਿਦੇਸ਼ 'ਚ ਲੱਖਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਲਈ ਸਮੁੱਚੀ ਸੰਗਤ ਨੂੰ ਨਤਮਸਤਕ ਹੋਣ ਦੇ ਨਾਲ-ਨਾਲ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ 'ਚ ਅਜਿਹੀ ਚੁਣੌਤੀ ਨਾਲ ਤੁਰੰਤ ਨਿਪਟੇ ਜਾਣ ਲਈ ਨਾ ਕੇਵਲ ਪੰਜਾਬ ਬਲਕਿ ਹਰੇਕ ਸੂਬੇ 'ਚ ਅਤਿ ਆਧੁਨਿਕ ਮਸ਼ੀਨਰੀ ਐਨਡੀਆਰਐਫ ਜਾਂ ਮਾਹਰਾਂ ਦੇ ਹੋਰ ਸੈਂਟਰਾਂ ਨੂੰ ਉਪਲੱਬਧ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਉਹ ਆਗਾਮੀ ਬਜਟ ਸੈਸ਼ਨ ਦੌਰਾਨ ਇਸ ਤਰ੍ਹਾਂ ਦੇ ਅਤਿ-ਆਧੁਨਿਕ ਮਸ਼ੀਨਰੀ ਤੇ ਯੰਤਰਾਂ ਲਈ ਵਿਸ਼ੇਸ਼ ਬਜਟ ਤਜਵੀਜ਼ ਪੇਸ਼ ਕਰਨਗੇ।
ਮਾਨ ਨੇ ਪੰਜਾਬ ਦੇ ਲੋਕਾਂ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ 'ਚ ਜਾਂ ਆਲੇ-ਦੁਆਲੇ ਅਜਿਹੇ ਬੋਰਵੈਲ ਹਨ ਤਾਂ ਉਨ੍ਹਾਂ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਲੋਕ ਖ਼ੁਦ ਹੀ ਕਰ ਲੈਣ ਤੇ ਅਜਿਹੇ ਬਚਾਅ ਪੱਖੀ ਕੰਮ ਲਈ ਸਰਕਾਰਾਂ ਤੋਂ ਉਮੀਦ ਨਾ ਕਰਨ ਕਿਉਂਕਿ ਆਮ ਲੋਕ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਚੁਨੌਤੀਆਂ ਸਰਕਾਰਾਂ ਦੇ ਏਜੰਡੇ 'ਤੇ ਨਹੀਂ ਹਨ।
ਮਿਸ਼ਨ ਫ਼ਤਹਿਵੀਰ: ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਕੀਤੀ ਗੱਲਬਾਤ
ਏਬੀਪੀ ਸਾਂਝਾ
Updated at:
10 Jun 2019 06:14 PM (IST)
ਮਾਨ ਨੇ ਦੱਸਿਆ ਕਿ ਉਨ੍ਹਾਂ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਹਰਾਂ ਦੀ ਟੀਮ ਤੇ ਆਧੁਨਿਕ ਮਸ਼ੀਨਰੀ ਭੇਜੀ ਜਾਵੇ, ਕਿਉਂਕਿ 94 ਘੰਟਿਆਂ ਤੱਕ ਵੀ ਫ਼ਤਹਿਵੀਰ ਤਕ ਪਹੁੰਚਣ ਦੇ ਯਤਨ ਅਸਫਲ ਰਹਿਣ ਕਾਰਨ ਆਮ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ ਤੇ ਬੇਚੈਨੀ ਵਧਦੀ ਜਾ ਰਹੀ ਹੈ।
- - - - - - - - - Advertisement - - - - - - - - -