ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਭਾਰਤ ਵਿੱਚ ਕਿਸੇ ਵੀ ਅੱਤਵਾਦੀ ਜਥੇਬੰਦੀ ਤੋਂ ਖ਼ਤਰੇ ਦੇ ਖ਼ਦਸ਼ਿਆਂ ਨੂੰ ਨਕਾਰ ਦਿੱਤਾ ਹੈ। ਹੁਣ ਰੰਧਾਵਾ ਨੂੰ ਵਿਸ਼ੇਸ਼ ਸੁਰੱਖਿਆ ਛਤਰੀ ਨਹੀਂ ਮਿਲੇਗੀ, ਜਿਸ ਦੀ ਉਨ੍ਹਾਂ ਨੂੰ ਆਸ ਸੀ।


ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੀ ਗਈ ਚਿੱਠੀ ਵਿੱਚ ਮੰਤਰਾਲੇ ਨੇ ਦੱਸਿਆ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਸੁਰੱਖਿਆ ਕਵਚ ਦੀ ਮੰਗ ਕੀਤੇ ਜਾਣ ਮਗਰੋਂ ਮੰਤਰਾਲੇ ਨੇ ਕੇਂਦਰੀ ਏਜੰਸੀਆਂ ਪਾਸੋਂ ਜਾਂਚ ਕਰਵਾਈ ਹੈ, ਜਿਸ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ ਹੈ। ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਰੰਧਾਵਾ ਨੂੰ ਭਾਰਤ ਵਿੱਚ ਸਰਗਰਮ ਕਿਸੇ ਵੀ ਅੱਤਵਾਦੀ ਜਥੇਬੰਦੀ ਤੋਂ ਕੋਈ ਖ਼ਤਰਾ ਜਾਂ ਧਮਕੀ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ ਹੈ।


ਹਾਲਾਂਕਿ, ਗ੍ਰਹਿ ਮੰਤਰਾਲੇ ਨੇ ਇਹ ਵੀ ਆਖਿਆ ਹੈ ਕਿ ਰੰਧਾਵਾ ਨੂੰ ਕੱਟੜਪੰਥੀ ਜਥੇਬੰਦੀਆਂ, ਗੈਰ ਸਮਾਜਿਕ ਤੱਤਾਂ, ਸਿਆਸੀ ਵਿਰੋਧੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਤੋਂ ਆਮ ਖ਼ਤਰੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿੱਚ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਨੂੰ ਖ਼ਤਰੇ ਦੀ ਸਮੀਖਿਆ ਮਗਰੋਂ ਸੂਬਾਈ ਪੱਧਰ 'ਤੇ ਸੁਰੱਖਿਆ ਪ੍ਰਦਾਨ ਕਰੇ।


ਉੱਧਰ, ਪੰਜਾਬ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਰਿਸ਼ਤੇ ਪਹਿਲਾਂ ਤੋਂ ਹੀ ਤਲਖ਼ ਹੋ ਚੁੱਕੇ ਹਨ ਅਤੇ ਹਾਲੇ ਬੀਤੇ ਕੱਲ੍ਹ ਹੀ ਉਨ੍ਹਾਂ ਦੇ ਧੜੇ ਦੀ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖਾਰਜ ਕਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਬੀਤੀ 17 ਜੂਨ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਚਿੱਠੀ ਲਿਖ ਕੇ ਦੱਸਿਆ ਸੀ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਅੱਤਵਾਦੀਆਂ, ਗ਼ੈਰ ਸਮਾਜਿਕ ਤੱਤਾਂ, ਐਸਐਫਜੇ ਤੇ ਗੈਂਗਸਟਰਾਂ ਦੇ ਜਾਲ ਤੋਂ ਗੰਭੀਰ ਖ਼ਤਰਾ ਹੈ। ਆਪਣੀ ਚਿੱਠੀ ਵਿੱਚ ਰੰਧਾਵਾ ਨੇ ਇਸ ਬਾਬਤ ਆਪਣੇ ਪਰਿਵਾਰ ਦੇ ਇਤਿਹਾਸ ਦਾ ਵੀ ਹਵਾਲਾ ਦਿੱਤਾ ਸੀ।


ਰੰਧਾਵਾ ਨੇ ਆਪਣੇ ਤੇ ਪਰਿਵਾਰ ਦੀ ਸੁਰੱਖਿਆ ਵਧਾਏ ਜਾਣ ਲਈ ਕੇਂਦਰੀ ਪੈਰਾਮਿਟ੍ਰੀ ਫੋਰਸ (ਸੀਏਪੀਐਫ) ਦੀ ਸੁਰੱਖਿਆ ਛਤਰੀ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਦੇ ਲੋਕ ਸਭਾ ਮੈਂਬਰ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਛਤਰੀ ਪ੍ਰਦਾਨ ਕੀਤੀ ਹੈ।