ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਬੈਠਕ ਤੋਂ ਪਸ਼ੂਆਂ ਲਈ ਫਾਰਮਾਸਿਸਟ ਤੇ ਸਫਾਈ ਸੇਵਕਾਂ ਲਈ ਨਿਗੂਣੀ ਰਾਹਤ ਦੀ ਖ਼ਬਰ ਹੈ। ਫਾਰਮਾਸਿਸਟ ਦੀ ਤਨਖ਼ਾਹ ਵਿੱਚ ਇੱਕ ਹਜ਼ਾਰ ਅਤੇ ਸਫਾਈ ਕਰਮਚਾਰੀਆਂ ਲਈ 500 ਰੁਪਏ ਮਿਹਨਤਾਨੇ ਵਿੱਚ ਵਾਧਾ ਐਲਾਨਿਆ ਹੈ। ਇਹ ਵਾਧਾ ਪਹਿਲੀ ਜੁਲਾਈ 2018 ਤੋਂ 31 ਮਾਰਚ 2019 ਤਕ ਲਾਗੂ ਹੋਵੇਗਾ।
ਬੁੱਧਵਾਰ ਸਵੇਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਬੈਠਕ ਵਿੱਚ ਐਲਾਨ ਕੀਤਾ ਗਿਆ ਕਿ ਪਸ਼ੂਆਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਫਾਰਮਾਸਿਸਟ ਨੂੰ 8,000 ਰੁਪਏ ਦੀ ਥਾਂ ਹੁਣ 9,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਸੇ ਤਰ੍ਹਾਂ ਸਫਾਈ ਸੇਵਕਾਂ ਦਾ ਮਿਹਨਤਾਨਾ ਵੀ 4,000 ਰੁਪਏ ਤੋਂ ਵਧਾ ਕੇ 4,500 ਰੁਪਏ ਕਰ ਦਿੱਤਾ ਗਿਆ ਹੈ।
ਜ਼ਿਕਰੋਯਗ ਹੈ ਕਿ ਦੋਵੇਂ ਕਿਸਮਾਂ ਦੇ ਕਰਮਚਾਰੀ ਠੇਕੇ 'ਤੇ ਭਰਤੀ ਹਨ ਅਤੇ ਫਾਰਮਾਸਿਸਟ ਪੱਕੀ ਨੌਕਰੀ ਤੇ ਪੂਰੀ ਤਨਖ਼ਾਹ ਦੀ ਮੰਗ ਕਰ ਰਹੇ ਸਨ। ਪਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਮਚਾਰੀ ਵਰਗ ਵਿੱਚ ਰੋਸ ਫੈਲਣ ਤੋਂ ਰੋਕਣ ਲਈ ਛੋਟਾ ਜਿਹਾ ਵਾਧਾ ਕਰਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਅਧਿਆਪਕ ਤੇ ਨਰਸਾਂ ਵੀ ਸਰਕਾਰ ਤੋਂ ਖ਼ਫਾ ਹਨ ਅਤੇ ਕਿਸਾਨਾਂ ਦੇ ਵੀ ਲਗਾਤਾਰ ਰੋਸ ਪ੍ਰਦਰਸ਼ਨ ਚੱਲ ਰਹੇ ਹਨ।