ਗਗਨਦੀਪ ਸ਼ਰਮਾ
ਅੰਮ੍ਰਿਤਸਰ: ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਅੰਮ੍ਰਿਤਸਰ ਫੇਰੀ ਕਾਰਨ ਅੰਮ੍ਰਿਤਸਰ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੁਰੱਖਿਆ ਦੇ ਨਾਮ 'ਤੇ ਪੁਲਿਸ ਦੇ ਪ੍ਰਬੰਧ ਇਸ ਕਦਰ ਸਖਤ ਸਨ ਸੀ ਕਿ ਦਰਬਾਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਆਮ ਆਵਾਜਾਈ ਬੰਦ ਕਰ ਦਿੱਤੀ ਸੀ ਜਿਨ੍ਹਾਂ 'ਚ ਹਾਲ ਗੇਟ, ਮਹਾਂ ਸਿੰਘ ਗੇਟ, ਸ਼ੇਰਾਂ ਵਾਲਾ ਗੇਟ ਤੇ ਸੁਲਤਾਨਵਿੰਡ ਗੇਟ ਦੇ ਬਾਹਰੋਂ ਹੀ ਬੈਰੀਕੇਡਿੰਗ ਕਰਕੇ ਰਸਤੇ ਬੰਦ ਕਰ ਦਿੱਤੇ ਸਨ, ਜਿਸ ਕਾਰਨ ਅੰਮ੍ਰਿਤਸਰ ਸ਼ਹਿਰ ਵਾਸੀ ਤੇ ਸ਼ਰਧਾਲੂ ਬੁਰੀ ਤਰਾਂ ਪ੍ਰੇਸ਼ਾਨ ਦਿੱਸੇ।
ਰਸਤੇ ਬੰਦ ਕਰਨ ਕਾਰਨ ਇੱਕ ਤਾਂ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਦੋ ਤੋਂ ਤਿੰਨ ਕਿਲੋਮੀਟਰ ਪੈਦਲ ਚੱਲਣਾ ਪਿਆ, ਦੂਜੇ ਪਾਸੇ ਦੁਕਾਨਦਾਰਾਂ ਨੂੰ ਆਪੋ ਆਪਣੀ ਮਾਰਕੀਟ 'ਚ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਲਿਆਵਾਲਾ ਬਾਗ 'ਚ ਸੁਰੱਖਿਆ ਦੇ ਪ੍ਰਬੰਧ ਇਸ ਕਦਰ ਸਨ ਕਿ ਆਮ ਲੋਕਾਂ ਦੀ ਜਲਿਆਵਾਲਾ ਬਾਗ 'ਚ ਉਨਾਂ ਦੇਰ ਐਂਟਰੀ ਬੰਦ ਰਹੀ ਜਿਨਾਂ ਚਿਰ ਉਪ ਰਾਸ਼ਟਰਪਤੀ ਉਥੇ ਰਹੇ।
ਅਜਿਹੇ ਹੀ ਪ੍ਰਬੰਧ ਜਗਦੀਪ ਧਨਖੜ ਦੀ ਦੁਰਗਿਆਣਾ ਮੰਦਰ ਤੇ ਰਾਮਤੀਰਥ ਧਾਮ ਦੀ ਫੇਰੀ ਮੌਕੇ ਵੀ ਦੇਖਣ ਨੂੰ ਮਿਲੇ। ਹੋਰ ਤਾਂ ਹੋਰ ਮੀਡੀਆ ਕਰਮੀਆਂ ਨੂੰ ਕਵਰੇਜ ਲਈ ਕਾਫੀ ਪੈਦਲ ਚੱਲਣਾ ਪਿਆ ਤੇ ਸਿਰਫ ਇਕ ਸਥਾਨ ਤੋਂ ਅਗਾਂਹ ਕਵਰੇਜ ਲਈ ਨਹੀਂ ਜਾਣ ਦਿੱਤਾ ਗਿਆ ਜਦਕਿ ਜਲਿਆਵਾਲਾ ਬਾਗ 'ਚ ਮੀਡੀਆ ਕਰਮੀਆਂ ਤਕ ਨੂੰ ਨਹੀਂ ਜਾਣ ਦਿੱਤਾ ਤੇ ਲੋਕ ਸੰਪਰਕ ਵਿਭਾਗ ਵੱਲੋੰ ਜਾਰੀ ਸੁਨੇਹੇ 'ਚ ਪੱਤਰਕਾਰਾਂ ਨੂੰ ਉਪ ਰਾਸ਼ਟਰਪਤੀ ਦੀ ਫੇਰੀ ਮੌਕੇ ਧਮਕੀ ਭਰੀ ਅਪੀਲ ਕੀਤੀ ਗਈ ਕਿ ਕੁਤਾਹੀ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ