ਅਬੋਹਰ: ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਸਮੇਂ ਪਰਿਵਾਰਕ ਮੈਂਬਰਾਂ ਨੇ ਗੌਂਡਰ ਦੇ ਐਨਕਾਊਂਟਰ ਨੂੰ ਝੂਠਾ ਦੱਸਦਿਆਂ ਇਸ ਦੀ ਸੀ.ਬੀ.ਆਈ. ਜਾਂਚ ਮੰਗੀ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਸਰਕਾਰ ਇਸ ਦੀ ਨਿਰਪੱਖ ਜਾਂਚ ਨਹੀਂ ਕਰਦੀ ਤਾਂ ਉਹ ਅਦਾਲਤ ਜਾਣਗੇ।
ਰਿਸ਼ਤੇ ਵਿੱਚ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਮਾਮਾ ਲੱਗਦੇ ਗੁਰਭੇਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿੱਕੀ ਤੇ ਐਨਕਾਊਂਟਰ ਕਰਨ ਵਾਲੀ ਪੁਲਿਸ ਟੀਮ ਵਿੱਚ ਮੌਜੂਦ ਇੰਸਪੈਕਟਰ ਵਿਕਰਮ ਬਰਾੜ ਇਕੱਠੇ ਪੜ੍ਹਦੇ ਤੇ ਖੇਡਦੇ ਰਹੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਇੱਕ-ਦੂਜੇ ਨਾਲ ਸੰਪਰਕ ਵਿੱਚ ਸਨ।
ਉਨ੍ਹਾਂ ਦੱਸਿਆ ਕਿ ਵਿੱਕੀ ਤੇ ਉਸ ਦੇ ਸਾਥੀਆਂ ਦੀ ਇੰਸਪੈਕਟਰ ਵਿਕਰਮ ਬਰਾੜ ਨਾਲ ਸਮਰਪਣ ਬਾਰੇ ਗੱਲਬਾਤ ਵੀ ਚੱਲ ਰਹੀ ਸੀ। ਵਿੱਕੀ ਦੇ ਮਾਮੇ ਮੁਤਾਬਕ ਗੌਂਡਰ ਦੇ ਨਾਲ ਹੀ ਮਾਰੇ ਗਏ ਪ੍ਰੇਮਾ ਲਾਹੌਰੀਆ ਨੇ ਵੀ ਸ਼ੁੱਕਰਵਾਰ ਨੂੰ ਆਪਣੀ ਪਤਨੀ ਨੂੰ ਫ਼ੋਨ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ।
ਪਰਿਵਾਰ ਨੇ ਪੁਲਿਸ 'ਤੇ ਸਵਾਲ ਚੁੱਕੇ ਹਨ ਕਿ ਜਿਸ ਹਾਲਤ ਵਿੱਚ ਗੌਂਡਰ ਦੀ ਲਾਸ਼ ਮਿਲੀ ਹੈ ਉਹ ਕੱਪੜੇ ਠੰਢ ਰੋਕਣ ਲਈ ਕਾਫੀ ਨਹੀਂ ਸੀ। ਪੁਲਿਸ ਮੁਤਾਬਕ ਵੱਡਾ ਗੈਂਗਸਟਰ ਹੋਣ ਦੇ ਬਾਵਜੂਦ ਵਿੱਕੀ ਕੋਲੋਂ ਇੱਕ ਘਟੀਆ ਦਰਜੇ ਦਾ ਪਿਸਤੌਲ ਹੀ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰੰਡਰ ਲਈ ਬੁਲਾ ਕੇ ਤਿੰਨਾ ਦਾ ਐਨਕਾਊਂਟਰ ਕੀਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਵਿੱਕੀ ਤੇ ਉਸ ਦੇ ਸਾਥੀਆਂ ਦੇ ਪੁਲਿਸ ਮੁਕਾਬਲੇ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਸ ਦੀ ਜਾਂਚ ਨਹੀਂ ਕਰਵਾਉਂਦੀ ਤਾਂ ਗੌਂਡਰ ਦਾ ਪਰਿਵਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ।